ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 14 ਸਤੰਬਰ
ਅਮਰੀਕਾ ਦੇ ਨਿਊਯਾਰਕ ਦੇ ਰਿਚਮੰਡ ਹਿੱਲ 118 ਸਟਰੀਟ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ।ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਜੋ ਵਿਅਕਤੀ ਸੈਣੀ ਨੂੰ ਗ੍ਰਿਫ਼ਤਾਰ ਕਰਵਾਏਗਾ, ਉਸ ਨੂੰ 5 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ।
ਮੀਟਿੰਗ ਵਿਚ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ ਬੋਪਾਰਾਏ, ਜਨਰਲ ਸਕੱਤਰ ਬਲਾਕਾ ਸਿੰਘ, ਨਿਊਯਾਰਕ ਦੇ ਮਨੁੱਖੀ ਅਧਿਕਾਰ ਕਮਿਸ਼ਨਰ ਅਤੇ ਸੁਸਾਇਟੀ ਦੇ ਸਾਬਕਾ ਪ੍ਰਧਾਨ ਗੁਰਦੇਵ ਸਿੰਘ ਕੰਗ, ਕੁਲਦੀਪ ਸਿੰਘ ਵੜੈਚ, ਬੂਟਾ ਸਿੰਘ ਚੀਮਾ, ਸਾਬਕਾ ਪ੍ਰਧਾਨ ਕੁਲਦੀਪ ਸਿੰਘ ਢਿੱਲੋਂ, ਮੁਖ਼ਤਿਆਰ ਸਿੰਘ ਘੁੰਮਣ ਆਦਿ ਨੇ ਸ਼ਿਰਕਤ ਕੀਤੀ।
ਮੀਟਿੰਗ ਵਿਚ ਮੁਹਾਲੀ ਦੇ ਸਿੱਖ ਨੌਜਵਾਨ ਨੂੰ ਘਰੋਂ ਅਗਵਾ ਕਰਨ ਮਗਰੋਂ ਮਾਰ ਮੁਕਾਉਣ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਪੰਜਾਬ ਪੁਲੀਸ ਅਤੇ ਐੱਸਆਈਟੀ ਦਰਮਿਆਨ ਚੱਲ ਰਹੇ ਚੂਹੇ-ਬਿੱਲੀ ਦੇ ਖੇਡ ਵਾਲੇ ਏਜੰਡੇ ’ਤੇ ਚਰਚਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿਚ ਕਾਲੇ ਦੌਰ ਦੌਰਾਨ ਬਹੁਤ ਸਾਰੇ ਨਿਰਦੋਸ਼ ਲੋਕਾਂ ਖ਼ਾਸ ਕਰਕੇ ਸਿੱਖ ਨੌਜਵਾਨਾਂ ਨੂੰ ਘਰਾਂ ’ਚੋਂ ਚੁੱਕ ਕੇ ਨਾਜਾਇਜ਼ ਹਿਰਾਸਤ ਵਿਚ ਰੱਖਿਆ ਜਾਂਦਾ ਰਿਹਾ ਹੈ ਅਤੇ ਕਾਫ਼ੀ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਮਗਰੋਂ ਕਥਿਤ ਤੌਰ ’ਤੇ ਮਾਰ ਦਿੱਤਾ ਜਾਂਦਾ ਸੀ। ਸੁਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ ਬੋਪਾਰਾਏ ਨੇ ਕਿਹਾ ਕਿ ਸਾਬਕਾ ਪੁਲੀਸ ਮੁਖੀ ਹੁਣ ਮੁਲਤਾਨੀ ਕੇਸ ਵਿਚ ਖ਼ੁਦ ਉਸੇ ਕਾਨੂੰਨ ਤੋਂ ਲੁਕਦਾ ਫਿਰ ਰਿਹਾ ਹੈ।