ਹਰਦੀਪ ਸਿੰਘ ਸੋਢੀ
ਧੂਰੀ, 20 ਸਤੰਬਰ
ਇੱਥੇ ਅੱਜ ਕਿਸਾਨ ਯੂਨੀਅਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਲਾ ਦਿੱਤਾ ਹੈ। ਮੋਰਚੇ ਵਿਚ ਡਟੇ ਕਿਸਾਨ, ਹਲਕਾ ਧੂਰੀ, ਮਾਲੇਰਕੋਟਲਾ, ਅਮਰਗੜ੍ਹ ਅਤੇ ਮਹਿਲ ਕਲਾਂ ਦੇ ਕਰੀਬ 70 ਪਿੰਡਾਂ ਨੂੰ ਨਹਿਰੀ ਪਾਣੀ ਦੇਣ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੇ ਆਖਿਆ ਕਿ ਉਨ੍ਹਾਂ ਦੀਆਂ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਨਹਿਰੀ ਪਾਣੀ ਸਬੰਧੀ ਮੰਗਾਂ ਵੀ ਹੱਲ ਕੀਤੀਆਂ ਜਾਣ। ‘ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ’ ਦੇ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਨਹਿਰੀ ਪਾਣੀ ਪ੍ਰਾਪਤ ਸੰਘਰਸ਼ ਕਮੇਟੀ ਆਗੂ ਸੁਖਵਿੰਦਰ ਸਿੰਘ ਚੁੰਘਾ, ਸਕੱਤਰ ਪਰਮੇਲ ਸਿੰਘ ਹਥਨ, ਬੀਕੇਯੂ ਉਗਰਾਹਾਂ ਦੇ ਆਗੂ ਹਰਜੀਤ ਬਦੇਸ਼ਾਂ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਲੌਂਗੋਵਾਲ, ਕੇਕੇਯੂ ਦੇ ਜ਼ਿਲ੍ਹਾ ਮੀਤ ਪ੍ਰਧਾਨ ਮੇਹਰ ਈਸਾਪੁਰ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਧੂਰੀ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਕਰੀਬ 70 ਪਿੰਡ ਨਹਿਰੀ ਪਾਣੀ ਤੋਂ ਵਾਂਝੇ ਹਨ। ਉਨ੍ਹਾਂ ਬਠਿੰਡਾ ਬ੍ਰਾਂਚ ਤੋਂ ਨਿਕਲਣ ਵਾਲੇ ਰਜਬਾਹੇ ਕੰਗਣਵਾਲ, ਰੋਹੀੜਾ ਅਤੇ ਕੋਟਲਾ ਮਾਈਨਰ ਦਾ ਕੰਮ ਜਲਦੀ ਪੂਰਾ ਕਰਨ ਦੀ ਮੰਗ ਕੀਤੀ।
ਉਨ੍ਹਾਂ ਸਲਾਰ ਦੇ ਪੁਲ ’ਤੇ ਪਿੰਡ ਮਾਹੋਰਾਣੇ ਤੋਂ ਨਵੇਂ ਬਣਨ ਜਾ ਰਹੇ ਰਜਵਾਹੇ ਦੀ ਜ਼ਮੀਨ ਐਕੁਆਇਰ ਕਰਨ ਦਾ ਨੋਟੀਫ਼ਿਕੇਸ਼ਨ ਜਲਦੀ ਕਰਕੇ ਇਸ ਦਾ ਕੰਮ ਸ਼ੁਰੂ ਕਰਵਾਉਣ ਦੀ ਮੰਗ ਕੀਤੀ। ਆਗੂਆਂ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਢੱਡਰੀਆਂ, ਸਾਹੋਕੇ, ਰੱਤੋਕੇ, ਤਕੀਪੁਰ ਸਣੇ ਹੋਰ ਦਰਜਨਾਂ ਪਿੰਡਾਂ ਦੇ ਸੇਮ ਵੇਲੇ ਛੋਟੇ ਕੀਤੇ ਮੋਘਿਆਂ ਦਾ ਸਾਈਜ਼ ਪਹਿਲਾਂ ਜਿੰਨਾ ਕਰਨ ਤੇ ਬਾਕੀ ਰਹਿੰਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਮੋਰਚਾ ਜਾਰੀ ਰਹੇਗਾ।