ਰੋਜ਼ਾਨਾ ਮੋਰਚੇ ’ਚ ਹਾਜ਼ਰੀ ਭਰਦੀ ਹੈ 80 ਸਾਲਾ ਪ੍ਰੀਤਮ ਕੌਰ

ਰੋਜ਼ਾਨਾ ਮੋਰਚੇ ’ਚ ਹਾਜ਼ਰੀ ਭਰਦੀ ਹੈ 80 ਸਾਲਾ ਪ੍ਰੀਤਮ ਕੌਰ

ਬਰਨਾਲਾ ਵਿੱਚ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਮੋਰਚੇ ’ਚ ਸ਼ਿਰਕਤ ਕਰਦੀ ਹੋਈ ਮਾਤਾ ਪ੍ਰੀਤਮ ਕੌਰ ਠੀਕਰੀਵਾਲਾ।

ਪਰਸ਼ੋਤਮ ਬੱਲੀ
ਬਰਨਾਲਾ, 2 ਦਸੰਬਰ
ਬਰਨਾਲਾ ਸਟੇਸ਼ਨ ’ਤੇ ਲੱਗੇ ਪੱਕੇ ਮੋਰਚੇ ’ਚ ਸੰਘਰਸ਼ੀ ਜਜ਼ਬਾ ਬੁਲੰਦੀਆਂ ’ਤੇ ਹੈ। ਇੱਕ ਪਾਸੇ ਸਕੂਲੀ ਵਿਦਿਆਰਥੀ ਖਾਸ ਕਰ ਗਗਨਦੀਪ, ਗੁਰਬੀਰ, ਸਵਨਪ੍ਰੀਤ ਸਟੇਜ ਤੋਂ ਮੋਦੀ ਹਕੂਮਤ ਖ਼ਿਲਾਫ਼ ਨਾਅਰੇ ਬੁਲੰਦ ਕਰਕੇ ਪੰਡਾਲ ਵਿੱਚ ਨਵਾਂ ਜੋਸ਼ ਭਰ ਦਿੰਦੇ ਹਨ। ਦੂਜੇ ਪਾਸੇ 80 ਸਾਲਾਂ ਨੂੰ ਢੁੱਕੀ ਮਾਤਾ ਪ੍ਰੀਤਮ ਕੌਰ ਠੀਕਰੀਵਾਲ ਨੌਜਵਾਨਾਂ ਦੇ ਜੋਸ਼ੀਲੇ ਨਾਅਰਿਆਂ ਨੂੰ ਸੁੱਘੜ ਆਵਾਜ਼ ਬਖਸ਼ਦੀ ਹੈ। ਇਹ ਮਾਤਾ ਤਿੰਨ ਮਹੀਨੇ ਤੋਂ ਲਗਾਤਾਰ ਚੱਲ ਰਹੇ ਸਾਂਝੇ ਕਿਸਾਨ ਮੋਰਚੇ ਵਿੱਚ ਹਾਜ਼ਰੀ ਭਰ ਰਹੀ ਹੈ। ਬਿਰਧ ਮਾਤਾ ਦਾ ਪਤੀ ਸੁਖਦੇਵ ਸਿੰਘ(86) ਵੀ ਕਿਸਾਨ ਸੰਘਰਸ਼ਾਂ ’ਚ ਬੀਕੇਯੂ ਡਕੌਂਦਾ ਦੀ ਅਗਵਾਈ ਹੇਠ ਹੱਕਾਂ ਲਈ ਲੜਾਈ ਲੜ ਰਿਹਾ ਹੈ। ਮਾਤਾ ਪ੍ਰੀਤਮ ਕੌਰ ਦੇ ਨੂੰਹ-ਪੁੱਤ ਵੀ ਕਿਸਾਨ ਘੋਲ ਵਿੱਚ ਵਧ ਚੜ੍ਹ ਕੇ ਸ਼ਿਰਕਤ ਕਰ ਰਹੇ ਹਨ। 

ਹਰ ਰੋਜ਼ ਧਰਨੇ ’ਚ ਸ਼ਮੂਲੀਅਤ ਕਰਦੀ ਬੇਬੇ ਪ੍ਰੀਤਮ ਕੌਰ ਨੂੰ ਜਦ ਕਿਸਾਨ ਆਗੂ ਨਰਾਇਣ ਨੱਤ ਨੇ ਉਮਰ ਦੇ ਲਿਹਾਜ਼ ਨਾਲ ਘਰ ਬੈਠ ਕੇ ਅੰਦੋਲਨ ਨੂੰ ਹਮਾਇਤ ਦੇਣ ਦੀ ਸਲਾਹ ਦਿੱਤੀ ਤਾਂ ਬੇਬੇ ਨੇ ਕਿਹਾ, ‘‘ਪੁੱਤ, ਜਦ ਪੁੱਤ-ਪੋਤਿਆਂ ਦੀ ਰੋਜ਼ੀ-ਰੋਟੀ ਖਤਰੇ ’ਚ ਹੋਵੇ ਤਾਂ ਮਾਵਾਂ ਦਾ ਘਰ ਬੈਠਣਾ ਧਿਰਗ ਹੈ। ਆਪਣੇ ਹੱਕਾਂ ਲਈ ਅਸੀਂ ਹਰ ਕੁਰਬਾਨੀ ਲਈ ਤਿਆਰ ਹਾਂ, ਤੁਸੀਂ ਇਹ ਦੱਸੋ, ਹੁਣ ਦਿੱਲੀ ਮੋਰਚੇ ਲਈ ਕਦੋਂ ਤੁਰੀਏ।’’

ਧਰਨੇ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਡਕੌਂਦਾ ਦੇ ਆਗੂਆਂ ਬਲਵੰਤ ਸਿੰਘ ਉੱਪਲੀ ਸਮੇਤ ਹੋਰ ਬੁਲਾਰਿਆਂ ਨੇ ਕਿਹਾ ਕਿ ਹੁਣ ਲੋਕ ਰੋਹ ਦਿੱਲੀ ਦੇ ਤਖ਼ਤ ਤੋਂ ਆਪਣੇ ਹੱਕ ਲੈ ਕੇ ਰਹੇਗਾ। 

ਐੱਨਆਰਆਈਜ਼ ਨੇ ਭੇਜੇ 4.70 ਲੱਖ 

ਸ਼ਹਿਣਾ (ਪੱਤਰ ਪ੍ਰੇਰਕ): ਕਸਬਾ ਸ਼ਹਿਣਾ ਦੇ ਵਿਦੇਸ਼ਾਂ ਵਿੱਚ ਵਸਦੇ ਪਰਵਾਸੀ ਭਾਰਤੀਆਂ ਨੇ ਗ੍ਰਾਮ ਪੰਚਾਇਤ ਸ਼ਹਿਣਾ ਰਾਹੀਂ ਕਿਸਾਨੀ ਸੰਘਰਸ਼ ਲਈ 4.70 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਜੀ ਹੈ। ਗ੍ਰਾਮ ਪੰਚਾਇਤ ਸ਼ਹਿਣਾ ਦੀ ਸਰਪੰਚ ਮਲਕੀਤ ਕੌਰ ਕਲਕੱਤਾ ਨੇ ਦੱਸਿਆ ਕਿ ਐੱਨਆਰਆਈਜ਼ ਵੱਲੋਂ ਭੇਜੀ ਸਹਾਇਤਾ ਰਾਸ਼ੀ ’ਚੋਂ ਦਿੱਲੀ ਸੰਘਰਸ਼ ਦੌਰਾਨ ਮਾਰੇ ਗਏ ਜਨਕ ਰਾਜ ਧਨੌਲਾ (ਬਰਨਾਲਾ) ਅਤੇ ਧੰਨਾ ਸਿੰਘ ਖਿਆਲੀ ਚਹਿਲਾਂ (ਮਾਨਸਾ) ਨੂੰ ਇੱਕ-ਇੱਕ ਲੱਖ ਰੁਪਏ ਅਤੇ ਬਾਕੀ ਰਾਸ਼ੀ ਸੰਘਰਸ਼ੀ ਕਿਸਾਨਾਂ ਨੂੰ ਦਿੱਤੀ ਜਾਵੇਗੀ। ਅੱਜ ਪੰਚਾਇਤ ਘਰ ਸ਼ਹਿਣਾ ਵਿੱਚ ਕਿਸਾਨ ਧੰਨਾ ਸਿੰਘ ਚਾਹਲ ਦੇ ਪਰਿਵਾਰਕ ਮੈਂਬਰਾਂ ਨੂੰ ਇੱਕ ਲੱਖ ਰੁਪਏ ਸੌਂਪੇ ਗਏ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All