ਚੰਡੀਗੜ੍ਹ: ਕਰ ਵਿਭਾਗ ਦੇ ਮੋਬਾਈਲ ਵਿੰਗਾਂ ਵੱਲੋਂ ਮੰਡੀ ਗੋਬਿੰਦਗੜ੍ਹ ਵਿੱਚ ਕੀਤੀ ਕਾਰਵਾਈ ਦੌਰਾਨ 12 ਭੱਠੀਆਂ (ਫਰਨੇਸ) ਦੀ ਜਾਂਚ ਕੀਤੀ ਗਈ ਅਤੇ 60 ਵਾਹਨ ਜ਼ਬਤ ਕੀਤੇ ਗਏ। ਕੈਬਨਿਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਹ ਕਾਰਵਾਈ ਸਟੇਟ ਇਨਵੈਸਟੀਗੇਸ਼ਨ ਐਂਡ ਪ੍ਰੀਵੈਂਟਵਿ ਯੂਨਿਟ (ਸਿਪੂ), ਰੋਪੜ, ਪਟਿਆਲਾ, ਸ਼ੰਭੂ ਅਤੇ ਜਲੰਧਰ ਦੇ ਮੋਬਾਈਲ ਵਿੰਗਾਂ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਛਾਪਾ ਲੋਹੇ ਦੇ ਕਬਾੜ ਅਤੇ ਤਿਆਰ ਮਾਲ ਨੂੰ ਲਿਜਾਣ ਵਾਲੇ ਵਾਹਨਾਂ ਦੀ ਜਾਂਚ ਕਰਨ ’ਤੇ ਕੇਂਦਰਿਤ ਸੀ ਅਤੇ ਜ਼ਬਤ ਕੀਤੇ ਗਏ ਜ਼ਿਆਦਾਤਰ ਵਾਹਨਾਂ ਵਿੱਚ ਢੋਆ-ਢੁਆਈ ਕੀਤੇ ਜਾ ਰਹੇ ਸਾਮਾਨ ਦੇ ਅਨੁਸਾਰ ਲੋੜੀਂਦੇ ਈ-ਵੇਅ ਬਿੱਲਾਂ ਦੀ ਘਾਟ ਸੀ। ਵਿੱਤ ਮੰਤਰੀ ਨੇ ਕਿਹਾ ਕਿ ਪੂਰੀ ਜਾਂਚ ਤੋਂ ਬਾਅਦ ਇਨ੍ਹਾਂ ਵਾਹਨਾਂ ਨੂੰ 2 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲੱਗਣ ਦੀ ਸੰਭਾਵਨਾ ਹੈ। -ਟਨਸ