ਜੋਗਿੰਦਰ ਸਿੰਘ ਮਾਨ
ਮਾਨਸਾ, 27 ਸਤੰਬਰ
ਨਸ਼ਿਆਂ ਦੇ ਮਾਮਲੇ ਵਿਚ ਸੁਰਖ਼ੀਆਂ ਵਿਚ ਆਈ ਮਾਨਸਾ ਜ਼ਿਲ੍ਹਾ ਜੇਲ੍ਹ ਵਿੱਚ ਨਸ਼ੇ ਦੀ ਕਥਿਤ ਤੌਰ ’ਤੇ ਸਪਲਾਈ ਹੋਣ ਦੇ ਮਾਮਲੇ ’ਚ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ਸਮੇਤ 6 ਮੁਲਾਜ਼ਮਾਂ ਨੂੰ ਜੇਲ੍ਹ ਵਿਭਾਗ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਬਕਾਇਦਾ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ, ਜੇਲ੍ਹਾਂ ਪੰਜਾਬ ਅਰੁਨਪਾਲ ਸਿੰਘ ਵਲੋਂ ਪੱਤਰ ਜਾਰੀ ਕਰਕੇ ਨਿਰਦੇਸ਼ ਦਿੱਤੇ ਗਏ ਹਨ। ਪੱਤਰ ਅਨੁਸਾਰ ਜ਼ਿਲ੍ਹਾ ਜੇਲ੍ਹ ਮਾਨਸਾ ਤੋਂ ਰਿਹਾਅ ਹੋਏ ਬੰਦੀ ਸੁਭਾਸ਼ ਕੁਮਾਰ ਅਰੋੜਾ ਵੱਲੋਂ ਮੀਡੀਆ ਵਿੱਚ ਖੁਲਾਸਾ ਕੀਤਾ ਗਿਆ ਸੀ ਕਿ ਮਾਨਸਾ ਜੇਲ੍ਹ ਵਿੱਚ ਬੰਦ ਆਰਥਿਕ ਪੱਖੋਂ ਤਕੜੇ ਕੈਦੀ/ ਮੁਲਜ਼ਮ ਜੇਲ੍ਹ ਅਧਿਕਾਰੀਆਂ ਨੂੰ ਪੈਸੇ ਦੇ ਕੇ ਨਸ਼ਿਆਂ ਸਮੇਤ ਹਰ ਸੁੱਖ ਸਹੂਲਤ ਦਾ ਆਨੰਦ ਮਾਣਦੇ ਹਨ। ਸੁਭਾਸ਼ ਕੁਮਾਰ ਨੇ ਜੇਲ੍ਹ ਵਿੱਚ ਮੋਬਾਈਲਾਂ ਦੀ ਬੇਝਿਜਕ ਹੁੰਦੀ ਵਰਤੋ ਬਾਰੇ ਵੀ ਦੋਸ਼ ਲਾਕੇ ਜਾਣਕਾਰੀ ਦਿੱਤੀ ਸੀ। ਜੇਲ੍ਹ ਵਿਭਾਗ ਦੇ ਏਡੀਜੀਪੀ ਅਰੁਨਪਾਲ ਸਿੰਘ ਵੱਲੋਂ ਜਾਰੀ ਪੱਤਰ ਮੁਤਾਬਿਕ ਵਿਭਾਗ ਵੱਲੋਂ ਦੋਸ਼ਾਂ ਦੀ ਪੜਤਾਲ ਮਗਰੋਂ ਮਾਨਸਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਭਵਿਮ ਤੇਜ ਸਿੰਗਲਾ ਅਤੇ ਕੁਲਜੀਤ ਸਿੰਘ ਤੋਂ ਇਲਾਵਾ ਵਾਰਡਰ ਨਿਰਮਲ ਸਿੰਘ, ਹਰਪ੍ਰੀਤ ਸਿੰਘ, ਸੁਖਵੰਤ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।