5 ਸਾਲਾ ਮਾਸੂਮ ਨਾਲ ਤਸ਼ੱਦਦ: ਗਰਮ ਤਵੇ ਤੇ ਚਿਮਟੇ ਨਾਲ ਸਾੜਨ ਦੇ ਦੋਸ਼; ਬੱਚਾ ਹਸਪਤਾਲ ਦਾਖ਼ਲ
ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਕਤ ਵਿੱਚ ਆਈ ਸਮਾਜ ਸੇਵੀ ਸੰਸਥਾ ਤੇ ਪੁਲੀਸ
ਬਰਨਾਲਾ ਨੇੜਲੇ ਪਿੰਡ ਸੰਘੇੜਾ ਵਿੱਚ ਇੱਕ ਮਹਿਲਾ ਵੱਲੋਂ ਗੋਦ ਲਏ 5 ਸਾਲਾ ਬੱਚੇ ਨਾਲ ਕਥਿਤ ਤੌਰ ’ਤੇ ਅਣਮਨੁੱਖੀ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਮਹਿਲਾ ਨੇ ਮਾਸੂਮ ਬੱਚੇ ਨੂੰ ਗਰਮ ਤਵੇ, ਲੋਹੇ ਦੇ ਚਿਮਟੇ ਅਤੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਅਤੇ ਸਾੜਿਆ। ਇਸ ਘਿਨਾਉਣੇ ਮਾਮਲੇ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਬੱਚਾ ਸਰੀਰ ’ਤੇ ਡੂੰਘੀਆਂ ਸੱਟਾਂ ਅਤੇ ਸੜਨ ਦੇ ਨਿਸ਼ਾਨ ਲੈ ਕੇ ਸਕੂਲ ਪਹੁੰਚਿਆ।
ਬੱਚੇ ਦੀ ਤਰਸਯੋਗ ਹਾਲਤ ਨੂੰ ਬਿਆਨ ਕਰਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ। ਇਸ ਤੋਂ ਤੁਰੰਤ ਬਾਅਦ ਪਟਿਆਲਾ ਦੀ ਸਮਾਜ ਸੇਵੀ ਸੰਸਥਾ 'ਅਪਣਾ ਫਰਜ਼ ਸੇਵਾ ਸੋਸਾਇਟੀ' ਦੇ ਮੁਖੀ ਜਥੇਦਾਰ ਸਤਪਾਲ ਸਿੰਘ ਪਾਲ ਖਰੋੜ ਆਪਣੀ ਟੀਮ ਨਾਲ ਪਿੰਡ ਪਹੁੰਚੇ। ਉਨ੍ਹਾਂ ਨੇ ਪੰਚਾਇਤ, ਪਿੰਡ ਵਾਸੀਆਂ, ਪੁਲੀਸ ਅਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਕੇ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ।
ਬੱਚੇ ਦੇ ਪਿਤਾ ਮੂਲ ਚੰਦ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਉਸ ਦੇ ਵੱਡੇ ਭਰਾ ਦੀਆਂ ਚਾਰ ਧੀਆਂ ਸਨ ਅਤੇ ਉਨ੍ਹਾਂ ਦਾ ਕੋਈ ਪੁੱਤਰ ਨਹੀਂ ਸੀ, ਜਿਸ ਕਾਰਨ ਕਰੀਬ ਢਾਈ ਸਾਲ ਪਹਿਲਾਂ ਉਸ ਨੇ ਆਪਣੇ ਛੋਟੇ ਪੁੱਤਰ ਨੂੰ ਆਪਣੇ ਵੱਡੇ ਭਰਾ ਨੂੰ ਗੋਦ ਦੇ ਦਿੱਤਾ ਸੀ। ਪਿਤਾ ਮੁਤਾਬਕ ਉਹ ਸਵੇਰੇ ਕੰਮ (ਮਜ਼ਦੂਰੀ) ਲਈ ਚਲਾ ਜਾਂਦਾ ਸੀ ਅਤੇ ਦੇਰ ਸ਼ਾਮ ਘਰ ਪਰਤਦਾ ਸੀ, ਜਿਸ ਕਰਕੇ ਉਸ ਨੂੰ ਬੱਚੇ ਨਾਲ ਹੋ ਰਹੀ ਇਸ ਬੇਰਹਿਮੀ ਦੀ ਭਿਣਕ ਤੱਕ ਨਹੀਂ ਲੱਗ ਸਕੀ।
ਪੀੜਤ ਬੱਚੇ ਨੇ ਖ਼ੁਦ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਸ ਦੀ ਚਾਚੀ ਉਸ ਨੂੰ ਡੰਡਿਆਂ ਨਾਲ ਕੁੱਟਦੀ ਸੀ ਅਤੇ ਗਰਮ ਤਵੇ ਤੇ ਚਿਮਟੇ ਨਾਲ ਸਰੀਰ ਨੂੰ ਦਾਗਦੀ ਸੀ। ਉਸ ਨੇ ਇਹ ਵੀ ਦੱਸਿਆ ਕਿ ਕਈ ਵਾਰ ਸਜ਼ਾ ਵਜੋਂ ਉਸ ਨੂੰ ਤੇਜ਼ ਧੁੱਪ ਵਿੱਚ ਹੱਥਾਂ ਵਿੱਚ ਪਾਣੀ ਦੀ ਭਾਰੀ ਬੋਤਲ ਫੜਾ ਕੇ ਘੰਟਿਆਂਬੱਧੀ ਖੜ੍ਹਾ ਰੱਖਿਆ ਜਾਂਦਾ ਸੀ। ਬੱਚੇ ਦੇ ਪਿਤਾ ਨੇ ਮੁਲਜ਼ਮ ਮਹਿਲਾ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਸਿਵਲ ਹਸਪਤਾਲ ਦੇ ਡਾਕਟਰ ਅੰਕੁਸ਼ ਜਿੰਦਲ ਨੇ ਦੱਸਿਆ ਕਿ ਬੱਚੇ ਦਾ ਮੈਡੀਕਲ ਮੁਆਇਨਾ ਕਰ ਲਿਆ ਗਿਆ ਹੈ, ਜਿਸ ਦੌਰਾਨ ਉਸ ਦੇ ਸਰੀਰ ’ਤੇ ਤਸ਼ੱਦਦ ਦੇ ਨਿਸ਼ਾਨ ਅਤੇ ਸੜਨ ਦੇ ਕਈ ਜ਼ਖ਼ਮ ਪਾਏ ਗਏ ਹਨ। ਫ਼ਿਲਹਾਲ ਬੱਚਾ ਖ਼ਤਰੇ ਤੋਂ ਬਾਹਰ ਅਤੇ ਸੁਰੱਖਿਅਤ ਹੈ ਅਤੇ ਹਸਪਤਾਲ ਦੇ ਵਾਰਡ ਵਿੱਚ ਉਸ ਦਾ ਇਲਾਜ ਜਾਰੀ ਹੈ। ਥਾਣਾ ਸਿਟੀ-1 ਬਰਨਾਲਾ ਦੇ ਏ.ਐੱਸ.ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਹਸਪਤਾਲ ਤੋਂ ਮੁਕੰਮਲ ਮੈਡੀਕਲ ਰਿਪੋਰਟ ਮਿਲਣ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਉਪਰੰਤ ਮੁਲਜ਼ਮ ਮਹਿਲਾ ਵਿਰੁੱਧ ਬਣਦੀਆਂ ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

