ਫ਼ਰੀਦਕੋਟ ਦੇ ਇੱਕ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕੇ ਵਿੱਚ ਸੋਮਵਾਰ ਨੂੰ ਦਿਨ-ਦਿਹਾੜੇ ਇੱਕ 43 ਸਾਲਾ ਦਿਵਿਆਂਗ (specially abled) ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਵਾਰਦਾਤ ਸ਼ਹਿਰ ਦੇ ਮੁਹੱਲਾ ਜਾਨੀਆਂ ਇਲਾਕੇ ਵਿੱਚ ਹੋਈ। ਘਟਨਾ ਦੇ ਸਮੇਂ ਪੀੜਤ ਔਰਤ ਘਰ ਵਿੱਚ ਇਕੱਲੀ ਸੀ।
ਪੁਲੀਸ ਸੂਤਰਾਂ ਅਤੇ ਪਰਿਵਾਰਕ ਮੈਂਬਰਾਂ ਅਨੁਸਾਰ ਪੀੜਤ ਔਰਤ ਦੀ ਪਛਾਣ ਨੀਤੂ ਵਜੋਂ ਹੋਈ ਹੈ, ਜੋ ਕਿ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਪ੍ਰਦੀਪ ਕਾਲੜਾ ਦੀ ਪਤਨੀ ਸੀ।
ਇਹ ਘਟਨਾ ਦੁਪਹਿਰ ਕਰੀਬ 2 ਵਜੇ ਉਸ ਸਮੇਂ ਸਾਹਮਣੇ ਆਈ ਜਦੋਂ ਪ੍ਰਦੀਪ ਸਕੂਲ ਤੋਂ ਘਰ ਪਰਤਿਆ। ਵਾਰ-ਵਾਰ ਘਰ ਦੀ ਘੰਟੀ ਵਜਾਉਣ ਅਤੇ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਉਸਨੇ ਮਦਦ ਲਈ ਇੱਕ ਗੁਆਂਢ ਵਿੱਚੋਂ ਕਿਸੇ ਔਰਤ ਨੂੰ ਬੁਲਾਇਆ। ਉਹ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹ ਕੇ ਘਰ ਦੇ ਅੰਦਰ ਗਈ ਅਤੇ ਉਸ ਨੇ ਨੀਤੂ ਦੀ ਖੂਨ ਨਾਲ ਲੱਥਪੱਥ ਲਾਸ਼ ਦੇਖੀ।
ਪ੍ਰਦੀਪ ਨੇ ਦੱਸਿਆ ਕਿ ਉਹ ਆਪਣੀ 17 ਸਾਲਾ ਧੀ ਅਤੇ 10 ਸਾਲਾ ਪੁੱਤਰ ਨਾਲ ਰੋਜ਼ਾਨਾ ਦੀ ਤਰ੍ਹਾਂ ਸੋਮਵਾਰ ਸਵੇਰੇ ਸਕੂਲ ਲਈ ਨਿਕਲਿਆ ਸੀ ਅਤੇ ਨੀਤੂ ਘਰ ਵਿੱਚ ਇਕੱਲੀ ਸੀ।
ਉਸ ਨੇ ਕਿਹਾ, "ਸਾਡਾ ਕਦੇ ਕਿਸੇ ਨਾਲ ਮਾਮੂਲੀ ਝਗੜਾ ਵੀ ਨਹੀਂ ਹੋਇਆ। ਮੈਂ ਹੈਰਾਨ ਹਾਂ ਕਿ ਕੋਈ ਮੇਰੀ ਪਤਨੀ ਨਾਲ ਅਜਿਹਾ ਕਿਉਂ ਕਰੇਗਾ।" ਉਸ ਨੇ ਕਿਹਾ ਕਿ, ਸ਼ੁਰੂਆਤੀ ਜਾਂਚ ਵਿੱਚ ਕੋਈ ਵੀ ਕੀਮਤੀ ਸਾਮਾਨ ਜਾਂ ਨਕਦੀ ਗਾਇਬ ਨਹੀਂ ਲੱਗ ਰਹੀ, ਜਿਸ ਨਾਲ ਲੁੱਟ-ਖੋਹ ਦਾ ਸਿੱਧਾ ਮਾਮਲਾ ਹੋਣ ਦੀ ਸੰਭਾਵਨਾ ਖ਼ਤਮ ਹੁੰਦੀ ਹੈ।
ਸੂਚਨਾ ਮਿਲਣ 'ਤੇ ਡੀ ਐੱਸ ਪੀ ਤਰਲੋਚਨ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਇਲਾਕੇ ਨੂੰ ਸੀਲ ਕੀਤਾ ਅਤੇ ਫੋਰੈਂਸਿਕ ਜਾਂਚ ਸ਼ੁਰੂ ਕਰ ਦਿੱਤੀ।

