ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਅਗਸਤ
ਪਿੰਡ ਲੋਪੋਕੇ ਨਾਲ ਲੱਗਦੇ ਸਰਹੱਦੀ ਖੇਤਰ ਵਿੱਚ ਬੀਤੀ ਰਾਤ ਪਾਕਿਸਤਾਨ ਵੱਲੋਂ ਡਰੋਨ ਆਉਣ ਦੀ ਸੂਚਨਾ ਮਿਲੀ ਸੀ, ਜਿਸ ਮਗਰੋਂ ਅੱਜ ਸਵੇਰੇ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਇਸ ਇਲਾਕੇ ਵਿੱਚੋਂ ਚਾਰ ਪਿਸਤੌਲ, ਮੈਗਜ਼ੀਨ ਤੇ 140 ਗੋਲੀਆਂ ਬਰਾਮਦ ਹੋਈਆਂ ਹਨ। ਪੁਲੀਸ ਨੇ ਇਸ ਸਬੰਧੀ ਪੁੱਛ-ਪੜਾਤਲ ਲਈ ਚਾਰ ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਜ਼ਿਲ੍ਹਾ ਦਿਹਾਤੀ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਮੁਤਾਬਕ ਬੀਤੀ ਰਾਤ ਇਸ ਇਲਾਕੇ ਵਿੱਚ ਡਰੋਨ ਆਉਂਦਾ ਵੇਖਿਆ ਗਿਆ ਸੀ, ਜਿਸ ਮਗਰੋਂ ਅੱਜ ਸਵੇਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਬਰਾਮਦ ਹੋਈਆਂ ਚਾਰ ਪਿਸਤੌਲਾਂ ਵਿੱਚੋਂ ਇਕ ਯੂਐੱਸ ਤੇ ਇਕ ਤੁਰਕੀ ਦੀ ਬਣੀ ਹੋਈ ਹੈ। ਬਰਾਮਦ ਹੋਈਆਂ 140 ਗੋਲੀਆਂ ਨੌਂ ਐਮਐਮ ਦੀਆਂ ਹਨ।