ਦਵਿੰਦਰ ਭੰਗੂ
ਰਈਆ, 26 ਫਰਵਰੀ
ਪਿੰਡ ਵੀਲ੍ਹਾ ਤੇਜਾ ਦਾ ਇੱਕ ਨੌਜਵਾਨ ਰਮਿੰਦਰ ਸਿੰਘ ਕੈਪਟਨ ਆਪਣੇ ਪਿੰਡ ਤੋਂ ਦਿੱਲੀ ਕਿਸਾਨੀ ਮੋਰਚੇ ਤੱਕ ਲਗਪਗ 500 ਕਿਲੋਮੀਟਰ ਦੀ ਦੌੜ ਲਾਉਣ ਲਈ ਘਰੋਂ ਚੱਲ ਪਿਆ ਹੈ। ਰਮਿੰਦਰ ਦੇ ਨਾਲ ਇੱਕ ਹੋਰ ਨੌਜਵਾਨ ਜ਼ੋਰਾਵਰ ਸਿੰਘ ਸਾਈਕਲ ਰਾਹੀਂ ਜਾ ਰਿਹਾ ਹੈ। ਅੱਜ ਦੇਰ ਸ਼ਾਮ ਜਦੋਂ ਇਹ ਦੋਵੇਂ ਨੌਜਵਾਨ ਆਪਣੀ ਟੀਮ ਨਾਲ ਮਹਿਤਾ ਚੌਕ ਪਹੁੰਚੇ ਤਾਂ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵੱਲੋਂ ਅਤੇ ਮਹਿਤਾ ਚੌਕ ਦੀਆਂ ਸੰਗਤਾਂ ਨੇ ਇਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਹੌਸਲਾ ਅਫ਼ਜ਼ਾਈ ਕੀਤੀ। ਰਮਿੰਦਰ ਸਿੰਘ ਨੇ ਪੱਤਰਕਾਰਾਂ ਦੇ ਜਵਾਬ ਵਿਚ ਦੱਸਿਆ, ‘‘ਹਰੇਕ ਵਿਅਕਤੀ ਆਪੋ-ਆਪਣੇ ਢੰਗ ਨਾਲ ਅੰਦੋਲਨ ਵਿਚ ਯੋਗਦਾਨ ਪਾ ਰਿਹਾ ਹੈ। ਮੈਂ ਦੌੜ ਲਾ ਕੇ ਉੱਥੇ ਪਹੁੰਚਣ ਦਾ ਹੀਲਾ ਕੀਤਾ ਹੈ।’’ ਰਮਿੰਦਰ ਕਿੱਤੇ ਵਜੋਂ ਕਿਸਾਨ ਹੈ, ਨਾਲ ਨਾਲ ਇੱਕ ਚੰਗਾ ਖਿਡਾਰੀ ਵੀ ਹੈ। ਮਹਿਤਾ ਚੌਕ ਵਿੱਚ ਦੋਵਾਂ ਨੌਜਵਾਨਾਂ ਦਾ ਸਵਾਗਤ ਕਰਨ ਵਾਲਿਆਂ ਵਿਚ ਭਾਈ ਕੇਵਲ ਸਿੰਘ, ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ, ਬਾਬਾ ਬੋਹੜ ਸਿੰਘ, ਕਰਮਜੀਤ ਸਿੰਘ ਲਾਲੀ, ਹਰਭਜਨ ਸਿੰਘ, ਸਕਿੰਟੂ ਮਹਿਤਾ ਸਮੇਤ ਬਹੁਤ ਸਾਰੇ ਨਗਰ ਨਿਵਾਸੀ ਹਾਜ਼ਰ ਸਨ।