ਵਿਦੇਸ਼ ਭੇਜਣ ਦੇ ਇਵਜ਼ ’ਚ 33 ਲੱਖ ਦੀ ਠੱਗੀ; ਔਰਤ ਸਮੇਤ ਤਿੰਨ ਨਾਮਜ਼ਦ
ਥਾਣੇਦਾਰ ਦੇ ਪੁੱਤਰ ਨੂੰ ਵਿਦੇਸ਼ ਭੇਜਣ ਦਾ ਲਾਰਾ ਲਾ ਕੇ ਮਾਰੀ ਠੱਗੀ
ਵਿਦੇਸ਼ ਭੇਜਣ ਦੇ ਨਾਂ ’ਤੇ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਥਾਣੇਦਾਰ ਮਨੋਹਰ ਲਾਲ ਦਾ ਪੁੱਤਰ ਚਾਨਣਪ੍ਰੀਤ ਸਿੰਘ ਅਤੇ ਉਸ ਨਾਲ ਫ਼ਰਜ਼ੀ ਵਿਆਹ ਕਰ ਕੇ ਭੇਜੀ ਕਿਰਨਜੀਤ ਕੌਰ ਵੀਜ਼ਾ ਰੱਦ ਹੋਣ ਬਾਅਦ ਇੰਗਲੈਂਡ ਵਿੱਚ ਲੁੱਕ-ਲੁੱਕ ਦਿਨ ਕੱਟਣ ਲਈ ਮਜਬੂਰ ਹਨ। ਥਾਣੇਦਾਰ ਮਨੋਹਰ ਲਾਲ ਦੀ ਸ਼ਿਕਾਇਤ ਉਪਰ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਪੁਲੀਸ ਦੇ ਮੁਖੀ ਅੰਕੁਰ ਗੁਪਤਾ ਦੇ ਆਦੇਸ਼ ਉਪਰ ਥਾਣਾ ਸੁਧਾਰ ਦੀ ਪੁਲੀਸ ਨੇ ਏਜੰਟ ਲਖਵੀਰ ਸਿੰਘ ਸਿੰਘ ਵਾਸੀ ਕਾਲਜ ਰੋਡ ਮੁੱਲਾਂਪੁਰ ਅਤੇ ਰੀਨਾ ਰਾਣੀ ਵਾਸੀ ਅੱਬੂਵਾਲ ਰੋਡ ਸੁਧਾਰ ਬਜ਼ਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇਨ੍ਹਾਂ ਦਾ ਇਕ ਹੋਰ ਸਾਥੀ ਮਹੇਸ਼ ਵਰਮਾ ਵਾਸੀ ਪਿੰਡ ਵੀਰਮਪੁਰ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੀ ਭਾਲ ਜਾਰੀ ਹੈ।
ਥਾਣੇਦਾਰ ਮਨੋਹਰ ਲਾਲ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਸੁਧਾਰ ਬਜ਼ਾਰ ਦੇ ਪਾਲਿਕਾ ਬਜ਼ਾਰ ਵਿੱਚ ਦਫ਼ਤਰ ਖੋਲ੍ਹ ਕੇ ਬੈਠੇ ਉਕਤ ਟਰੈਵਲ ਏਜੰਟਾਂ ਨੇ ਉਸ ਦੇ ਪੁੱਤਰ ਨੂੰ ਵਿਦੇਸ਼ ਭੇਜਣ ਦੇ ਨਾਮ 'ਤੇ ਉਸ ਕੋਲੋਂ 33 ਲੱਖ ਰੁਪਏ ਹੜੱਪ ਲਏ ਜਦਕਿ ਯੂਨੀਵਰਸਿਟੀ ਨੂੰ ਪੂਰੀ ਫ਼ੀਸ ਵੀ ਜਮ੍ਹਾਂ ਨਹੀਂ ਕਰਵਾਈ ਗਈ ਜਿਸ ਕਾਰਨ ਉਸ ਦੇ ਪੁੱਤਰ ਕੋਲ ਹੁਣ ਕੋਈ ਵੀਜ਼ਾ ਨਾ ਹੋਣ ਕਾਰਨ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਜਿਸ ਕੁੜੀ ਨਾਲ ਉਸ ਦੇ ਪੁੱਤਰ ਦਾ ਫ਼ਰਜ਼ੀ ਵਿਆਹ ਕੀਤਾ ਸੀ, ਉਸ ਨੂੰ ਦਾਖ਼ਲਾ ਕਰਾਉਣ ਲਈ ਉਸ ਦੀ ਫ਼ਰਜ਼ੀ ਡਿਗਰੀ ਵੀ ਏਜੰਟਾਂ ਵੱਲੋਂ ਬਣਾਈ ਗਈ ਸੀ। ਜਾਂਚ ਦੌਰਾਨ ਸਾਰੇ ਦੋਸ਼ਾਂ ਦੀ ਪੁਸ਼ਟੀ ਬਾਅਦ ਕੇਸ ਦਰਜ ਕਰ ਲਿਆ ਗਿਆ ਹੈ।
ਉੱਧਰ ਇਨ੍ਹਾਂ ਹੀ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਮਨਵਿੰਦਰ ਸਿੰਘ ਵਾਸੀ ਲਧਾਈਕੇ, ਜ਼ਿਲ੍ਹਾ ਮੋਗਾ ਅਤੇ ਉਸ ਦੀ ਪਤਨੀ ਕਿਰਨਦੀਪ ਕੌਰ ਨੂੰ ਵੀ ਜੁਲਾਈ 2024 ਵਿੱਚ ਸਾਢੇ 6 ਲੱਖ ਰੁਪਏ ਲੈ ਕੇ ਇੰਗਲੈਂਡ ਵਿੱਚ ਵਰਕ ਪਰਮਿਟ 'ਤੇ ਭੇਜਣ ਦਾ ਝੂਠਾ ਵਾਅਦਾ ਕੀਤਾ ਗਿਆ ਸੀ। ਬਾਅਦ ਵਿੱਚ ਕੇਵਲ ਇੱਕ ਲੱਖ ਰੁਪਏ ਵਾਪਸ ਕਰ ਦਿੱਤੇ ਗਏ ਅਤੇ ਬਾਕੀ ਸਾਢੇ ਪੰਜ ਲੱਖ ਰੁਪਏ ਮੰਗਣ 'ਤੇ ਝੂਠੇ ਕੇਸਾਂ ਵਿੱਚ ਫਸਾਉਣ ਅਤੇ ਲੱਤਾਂ ਤੋੜ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਮਾਮਲੇ ਵਿੱਚ ਵੀ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਸੁਧਾਰ ਦੇ ਮੁਖੀ ਗੁਰਦੀਪ ਸਿੰਘ ਅਨੁਸਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਹੋਰ ਬਰੀਕੀ ਨਾਲ ਜਾਂਚ ਕੀਤੀ ਜਾ ਸਕੇ।

