ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 14 ਜੁਲਾਈ
ਇਥੋਂ ਦੇ ਫੇਜ਼-11 ਥਾਣੇ ’ਚੋਂ .32 ਬੋਰ ਦਾ ਰਿਵਾਲਵਰ ਚੋਰੀ ਹੋ ਗਿਆ। ਥਾਣੇ ’ਚੋਂ ਅਸਲਾ ਚੋਰੀ ਹੋਣ ਦਾ ਇਸ ਤਰ੍ਹਾਂ ਦਾ ਪਹਿਲਾ ਕੇਸ ਹੈ, ਕਿਉਂਕਿ ਪੁਲੀਸ ਆਪਣਾ ਅਸਲਾ ਅਤੇ ਲਾਇਸੈਂਸਧਾਰਕਾਂ ਦੇ ਜਮ੍ਹਾਂ ਕੀਤੇ ਅਸਲੇ ਨੂੰ ਮਾਲ ਖਾਨੇ ਵਿੱਚ ਬਹੁਤ ਸੰਭਾਲ ਕੇ ਰੱਖਦੀ ਹੈ। ਚੋਰੀ ਹੋਇਆ ਰਿਵਾਲਵਰ ਫੇਜ਼-10 ਦੇ ਵਸਨੀਕ ਜਗਤਾਰ ਸਿੰਘ ਦਾ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਮੈਜਿਸਟਰੇਟ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜਗਤਾਰ ਸਿੰਘ ਨੇ ਆਪਣਾ ਲਾਇਸੈਂਸੀ ਰਿਵਾਲਵਰ ਥਾਣੇ ਵਿੱਚ ਜਮ੍ਹਾ ਕਰਵਾਇਆ ਗਿਆ ਪਰ ਚੋਣਾਂ ਤੋਂ ਕਾਫੀ ਸਮੇਂ ਬਾਅਦ ਜਦੋਂ ਉਹ ਆਪਣਾ ਰਿਵਾਲਵਰ ਲੈਣ ਗਿਆ ਤਾਂ ਉਸ ਦਾ ਅਸਲਾ ਥਾਣੇ ’ਚੋਂ ਗਾਇਬ ਸੀ। ਹੁਣ ਪੁਲੀਸ ਨੇ ਰਿਵਾਲਵਰ ਚੋਰੀ ਹੋਣ ਦਾ ਕੇਸ ਦਰਜ ਕੀਤਾ ਹੈ। ਥਾਣਾ ਫੇਜ਼-11 ਦੇ ਐੱਸਐੱਚਓ ਜਗਦੀਪ ਸਿੰਘ ਬਰਾੜ ਨੇ ਥਾਣੇ ’ਚੋਂ ਰਿਵਾਲਵਰ ਚੋਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਨਾ ਹੀ ਰਿਵਾਲਵਰ ਮਿਲਿਆ ਹੈ।