ਟ੍ਰਿਬਿਊਨ ਨਿਊਜ਼ ਸਰਵਿਸ/ਖੇਤਰੀ ਪ੍ਰਤੀਨਿਧ
ਚੰਡੀਗੜ੍ਹ/ਲੁਧਿਆਣਾ, 28 ਮਈ
ਲੁਧਿਆਣਾ ਦੇ ਵੱਖ-ਵੱਖ 17 ਕੇਂਦਰਾਂ ‘ਚ ਅੱਜ ਪੰਜਾਬ ਭਰ ‘ਚੋਂ ਆਏ 2960 ਉਮੀਦਵਾਰਾਂ ਨੇ ਯੂਪੀਐੱਸਸੀ ਦੀ ਪ੍ਰੀ-ਲਿਮਨਰੀ ਪ੍ਰੀਖਿਆ ਦਿੱਤੀ। ਹਾਲਾਂਕਿ 5325 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦੇਣੀ ਸੀ ਪਰ ਸਿਰਫ 2960 ਹੀ ਪ੍ਰੀਖਿਆ ਦੇਣ ਪੁੱਜੇ ਜਦਕਿ 2365 ਉਮੀਦਵਾਰ ਗੈਰ ਹਾਜ਼ਰ ਰਹੇ। ਸਾਲ 2022 ਵਿੱਚ ਪੰਜਾਬ ਭਰ ‘ਚੋਂ 6866 ਉਮੀਦਵਾਰਾਂ ਨੇ ਇਹ ਪ੍ਰੀਖਿਆ ਦਿੱਤੀ। ਪਿਛਲੇ ਸਾਲ ਦੇ ਮੁਕਾਬਲੇ ਐਤਕੀ 22 ਫੀਸਦੀ ਘੱਟ ਉਮੀਦਵਾਰਾਂ ਨੇ ਇਹ ਪ੍ਰੀਖਿਆ ਦਿੱਤੀ ਹੈ। ਹਾਲਾਂਕਿ ਕਰੋਨਾ ਮਹਾਮਾਰੀ ਸਮੇਂ ਅਕਤੂਬਰ 2020 ਵਿੱਚ ਹੋਈ ਪ੍ਰੀਖਿਆ ਵਿੱਚ 6120 ਉਮੀਦਵਾਰ ਪ੍ਰੀਖਿਆ ਵਿੱਚ ਬੈਠੇ ਸਨ, ਜਿਨ੍ਹਾਂ ਦੀ ਗਿਣਤੀ ਇਸ ਵਾਰ ਦੇ ਮੁਕਾਬਲੇ ਵੱਧ ਸੀ। ਅੱਜ ਹੋਈ ਪ੍ਰੀਖਿਆ ਲਈ ਸਾਰੇ ਹੀ ਕੇਂਦਰਾਂ ‘ਤੇ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇਸ ਪ੍ਰੀਖਿਆ ਦੌਰਾਨ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਪ੍ਰੀਖਿਆ ਦੇਣ ਆਇਆ 3 ਫੁੱਟੇ ਕੱਦ ਵਾਲਾ ਪ੍ਰੀਖਿਆਰਥੀ ਸੋਫਤ ਰਾਮ ਖਿੱਚ ਦਾ ਕੇਂਦਰ ਰਿਹਾ। ਅਬੋਹਰ ਤੋਂ ਪ੍ਰੀਖਿਆ ਦੇਣ ਆਏ 27 ਸਾਲਾ ਸੋਫਤ ਨੇ ਕਿਹਾ ਕਿ ਉਸ ਨੇ ਗੰਗਾਨਗਰ ਦੇ ਅੰਬੇਡਕਰ ਕਾਲਜ ਤੋਂ ਬੀਏ ਪਾਸ ਕੀਤੀ ਹੈ ਅਤੇ ਅੱਜ ਉਹ ਆਈਏਐੱਸ ਦੀ ਪ੍ਰੀਖਿਆ ਦੇਣ ਲੁਧਿਆਣਾ ਆਇਆ ਹੈ। ਸੋਫਤ ਨੇ ਦੱਸਿਆ ਕਿ ਘਰ ਵਿੱਚ ਉਸ ਦੇ ਸਾਰੇ ਭੈਣ-ਭਰਾਵਾਂ ਦਾ ਕੱਦ ਠੀਕ-ਠਾਕ ਹੈ ਪਰ ਉਸ ਦਾ ਕੱਦ ਕਾਫੀ ਛੋਟਾ ਰਹਿ ਗਿਆ। ਛੋਟੇ ਕੱਦ ਕਰ ਕੇ ਉਸ ਨੂੰ ਹੋਰ ਤਾਂ ਬਹੁਤੀ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ ਪਰ ਬਸ ਆਦਿ ਵਿੱਚ ਸਫਰ ਕਰਨ ਵੇਲੇ ਥੋੜ੍ਹਾ ਔਖਾ ਹੁੰਦਾ ਹੈ।
ਸੋਫਤ ਨੇ ਦੱਸਿਆ ਕਿ ਉਹ ਆਈਏਐੱਸ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ। ਇਸ ਮੌਕੇ ਕਈ ਪ੍ਰੀਖਿਆਰਥੀਆਂ ਅਤੇ ਆਮ ਲੋਕਾਂ ਨੇ ਸੋਫਤ ਨਾਲ ਫੋਟੋਆਂ ਖਿਚਵਾਉਣ ਵਿੱਚ ਦਿਲਚਸਪੀ ਦਿਖਾਈ। ਜਾਣਕਾਰੀ ਅਨੁਸਾਰ ਯੂਪੀਐੱਸਸੀ ਵੱਲੋਂ ਇਸ ਵਾਰ 933 ਅਸਾਮੀਆਂ ਭਰੀਆਂ ਜਾਣੀਆਂ ਹਨ। ਇਹ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਸਵੇਰੇ 9.30 ਤੋਂ 11.30 ਵਜੇ ਤੱਕ ਦੁਪਹਿਰ ਬਾਅਦ 2.30 ਵਜੇ ਤੋਂ 4.30 ਵਜੇ ਤੱਕ ਹੋਈ।