ਚਰਨਜੀਤ ਭੁੱਲਰ
ਚੰਡੀਗੜ੍ਹ, 26 ਮਈ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਾਵਰਕੌਮ ਦੇ ਡਿਫਾਲਟਰਾਂ ਨੂੰ ਰਾਹਤ ਦਿੰਦਿਆਂ ਯਕਮੁਸ਼ਤ ਨਬਿੇੜਾ ਸਕੀਮ ਦਾ ਐਲਾਨ ਕੀਤਾ ਹੈ। ਸਰਕਾਰ ਵੱਲੋਂ ਐਲਾਨੀ ਗਈ ਇਹ ਸਕੀਮ ਤਿੰਨ ਮਹੀਨੇ ਜਾਰੀ ਰਹੇਗੀ, ਜਿਸ ਤਹਿਤ ਉਨ੍ਹਾਂ ਖਪਤਕਾਰਾਂ ਨੂੰ ਲਾਭ ਮਿਲੇਗਾ, ਜਨਿ੍ਹਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਭਰ ‘ਚ ਪਾਵਰਕੌਮ ਦੇ ਕਰੀਬ 22 ਲੱਖ ਡਿਫਾਲਟਰ ਹਨ, ਜੋ ਬਿਜਲੀ ਬਿੱਲ ਨਹੀਂ ਭਰ ਸਕੇ ਹਨ। ਇਨ੍ਹਾਂ ਡਿਫਾਲਟਰਾਂ ਵੱਲ ਕਰੀਬ 4445 ਕਰੋੜ ਰੁਪਏ ਦੇ ਬਕਾਏ ਖੜ੍ਹੇ ਹਨ। ਪੰਜਾਬ ਭਰ ਵਿੱਚ ਕਰੀਬ 3.90 ਲੱਖ ਘਰਾਂ ਦੇ ਬਿਜਲੀ ਕੁਨੈਕਸ਼ਨ ਇਸ ਵੇਲੇ ਕੱਟੇ ਹੋਏ ਹਨ, ਜਨਿ੍ਹਾਂ ਨੂੰ ਪਾਵਰਕੌਮ ਨੇ ਇਹ ਮੌਕਾ ਦਿੱਤਾ ਹੈ। ਸਰਕਾਰੀ ਵਿਭਾਗਾਂ ਵੱਲ ਵੀ ਕਰੀਬ 2370 ਕਰੋੜ ਦੇ ਬਕਾਏ ਖੜ੍ਹੇ ਹਨ, ਜਦਕਿ ਗ਼ੈਰਸਰਕਾਰੀ ਖਪਤਕਾਰਾਂ ਦੇ ਬਕਾਏ 2075 ਕਰੋੜ ਦੇ ਬਣਦੇ ਹਨ। ਇਸੇ ਤਰ੍ਹਾਂ ਘਰੇਲੂ ਬਿਜਲੀ ਦੇ 1000 ਕਰੋੜ, ਕਮਰਸ਼ੀਅਲ ਦੇ 550 ਕਰੋੜ ਅਤੇ ਸਨਅਤੀ ਕੁਨੈਕਸ਼ਨਾਂ ਦੇ ਡਿਫਾਲਟਰਾਂ ਵੱਲ 500 ਕਰੋੜ ਦੇ ਬਕਾਏ ਖੜ੍ਹੇ ਹਨ।
ਕੱਟੇ ਹੋਏ ਕੁਨੈਕਸ਼ਨਾਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ 2.70 ਲੱਖ ਘਰ ਬਿਜਲੀ ਤੋਂ ਵਾਂਝੇ ਹਨ। ਸੂਬੇ ‘ਚ ਸਭ ਤੋਂ ਵੱਧ ਪੱਛਮੀ ਜ਼ੋਨ (ਬਠਿੰਡਾ, ਮਾਨਸਾ, ਮੁਕਤਸਰ ਆਦਿ ਜ਼ਿਲ੍ਹਿਆਂ) ਵਿੱਚ 85 ਹਜ਼ਾਰ ਕੁਨੈਕਸ਼ਨ ਕੱਟੇ ਹੋਏ ਹਨ, ਜਨਿ੍ਹਾਂ ਵੱਲ ਕਰੀਬ 100 ਕਰੋੜ ਦੀ ਰਾਸ਼ੀ ਖੜ੍ਹੀ ਹੈ। ਮੁੱਖ ਮੰਤਰੀ ਨੇ ਇਸ ਸਕੀਮ ਨੂੰ ਨਸ਼ਰ ਕਰਦਿਆਂ ਕਿਹਾ ਕਿ ਇਸ ਸਕੀਮ ਤਹਿਤ ਬਿੱਲਾਂ ਦੀ ਬਕਾਇਆ ਰਾਸ਼ੀ ‘ਤੇ ਦੇਰੀ ਨਾਲ ਅਦਾਇਗੀ ਉੱਤੇ ਵਿਆਜ 9 ਫ਼ੀਸਦੀ ਦੀ ਸਾਧਾਰਨ ਦਰ ਦੇ ਹਿਸਾਬ ਨਾਲ ਲਿਆ ਜਾਵੇਗਾ। ਜੇਕਰ ਕੁਨੈਕਸ਼ਨ ਕੱਟਣ ਦੀ ਤਰੀਕ ਤੋਂ ਕੁਨੈਕਸ਼ਨ ਜੋੜਨ ਦੀ ਮਿਆਦ ਛੇ ਮਹੀਨੇ ਜਾਂ ਇਸ ਤੋਂ ਘੱਟ ਹੈ ਤਾਂ ਕੋਈ ਵੀ ਫਿਕਸਡ ਚਾਰਜਿਜ਼ ਨਹੀਂ ਲਏ ਜਾਣਗੇ ਤੇ ਜੇਕਰ ਇਹ ਮਿਆਦ ਛੇ ਮਹੀਨੇ ਜਾਂ ਇਸ ਤੋਂ ਵੱਧ ਹੈ ਤਾਂ ਫਿਕਸਡ ਚਾਰਜਿਜ਼ ਸਿਰਫ਼ 6 ਮਹੀਨਿਆਂ ਦੇ ਹੀ ਲਏ ਜਾਣਗੇ।
ਚਾਰ ਕਿਸ਼ਤਾਂ ‘ਚ ਬਕਾਏ ਤਾਰਨ ਦੀ ਛੋਟ
ਸਕੀਮ ਤਹਿਤ ਬਕਾਇਆ ਰਕਮ ਇੱਕ ਸਾਲ ਦੇ ਅੰਦਰ ਚਾਰ ਕਿਸ਼ਤਾਂ ਵਿੱਚ ਜਮ੍ਹਾਂ ਕਰਾਵਾਏ ਜਾਣ ਦੀ ਛੋਟ ਦਿੱਤੀ ਗਈ ਹੈ, ਜਦਕਿ ਪਹਿਲਾਂ ਅਜਿਹੀ ਵਿਵਸਥਾ ਮੌਜੂਦ ਨਹੀਂ ਸੀ। ਪਹਿਲਾਂ ਬਿੱਲਾਂ ਦੀ ਬਕਾਇਆ ਰਾਸ਼ੀ ਉੱਪਰ ਲੇਟ ਅਦਾਇਗੀ ਉੱਤੇ 18 ਫ਼ੀਸਦ ਕੰਪਾਊਂਡ ਦੇ ਹਿਸਾਬ ਨਾਲ ਵਿਆਜ ਲਿਆ ਜਾਂਦਾ ਸੀ ਅਤੇ ਕੁਨੈਕਸ਼ਨ ਕੱਟਣ ਦੀ ਤਰੀਕ ਤੋਂ ਕੁਨੈਕਸ਼ਨ ਜੋੜਨ ਦੀ ਮਿਆਦ ਤੱਕ ਦੇ ਪੂਰੇ ਸਮੇਂ ਦੇ ਫਿਕਸਡ ਚਾਰਜਿਜ਼ ਲਏ ਜਾਂਦੇ ਸਨ, ਜੋ ਹੁਣ ਬਿਲਕੁਲ ਬੰਦ ਕਰ ਦਿੱਤੇ ਗਏ ਹਨ।