ਪਰਾਲੀ ਨਾ ਸਾੜਨ ਵਾਲੇ ਪਟਿਆਲਾ ਦੇ 22 ਕਿਸਾਨ ‘ਵਾਤਾਵਰਨ ਦੇ ਰਾਖੇ’ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ
ਪੰਜਾਬ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਵਚਨਬੱਧ: ਏ ਡੀ ਸੀ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ 22 ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ‘ਵਾਤਾਵਰਨ ਦੇ ਰਾਖੇ’ (Guardians of the Environment) ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ। ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਵਾਲੇ ਕਿਸਾਨਾਂ ਨੇ ਇਸ ਦੇ ਫਾਇਦੇ ਵੀ ਸਾਂਝੇ ਕੀਤੇ ਅਤੇ ਦੱਸਿਆ ਕਿ ਪਰਾਲੀ ਨੂੰ ਸਾੜਨ ਤੋਂ ਬਚਣ ਨਾਲ ਵਾਤਾਵਰਨ ਦੀ ਰੱਖਿਆ ਕਰਨ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ।
ਸਨਮਾਨਿਤ ਕੀਤੇ ਗਏ ਕਿਸਾਨਾਂ ਵਿੱਚ ਸੁਲਤਾਨਪੁਰ ਤੋਂ ਅਮਨਦੀਪ ਸਿੰਘ, ਗੱਜੂਮਾਜਰਾ ਤੋਂ ਨਛੱਤਰ ਸਿੰਘ, ਕਕੜਾਲਾ ਤੋਂ ਅਮਰੀਕ ਸਿੰਘ, ਸ਼ੇਖੂਪੁਰ ਤੋਂ ਪਰਗਟ ਸਿੰਘ, ਚਲੈਲਾ ਤੋਂ ਗੁਰਬਚਨ ਸਿੰਘ ਅਤੇ ਬਿੱਕਰ ਸਿੰਘ, ਰੇਤਗੜ੍ਹ ਤੋਂ ਅਰਸ਼ਦੀਪ ਸਿੰਘ ਅਤੇ ਸੁਖਵਿੰਦਰ ਸਿੰਘ, ਕੌਲੀ ਤੋਂ ਬਖਸ਼ੀਸ਼ ਸਿੰਘ, ਮੁਹੱਬਤਪੁਰ ਤੋਂ ਸਰਬਜੀਤ ਸਿੰਘ, ਰਾਮਗੜ੍ਹ ਤੋਂ ਹਰਿੰਦਰ ਸਿੰਘ, ਦੀਆਗੜ੍ਹ ਤੋਂ ਬੁੱਧ ਸਿੰਘ, ਅਲੌਹਰਾਂ ਤੋਂ ਹਰਦੀਪ ਸਿੰਘ, ਬੀੜਰਵਾਲ ਤੋਂ ਅੱਛਰ ਸਿੰਘ, ਮੱਲ੍ਹੇਵਾਲ ਤੋਂ ਜਸਵਿੰਦਰ ਸਿੰਘ, ਟੋਡਰਵਾਲ ਤੋਂ ਜਗਜੀਤ ਸਿੰਘ, ਗਲਵੱਟੀ ਤੋਂ ਬਲਵਿੰਦਰ ਸਿੰਘ, ਢੀਂਗੀ ਤੋਂ ਕੀਮਤ ਸਿੰਘ, ਕਮੇਲੀ ਤੋਂ ਨਵਜੋਤ ਸਿੰਘ, ਖੋਖ ਤੋਂ ਮਨਜੀਤ ਸਿੰਘ, ਬਨੇਰਾ ਖੁਰਦ ਤੋਂ ਹਰਦੇਵ ਸਿੰਘ ਅਤੇ ਆਲੋਵਾਲ ਤੋਂ ਧਰਮਜੀਤ ਸਿੰਘ ਸ਼ਾਮਲ ਸਨ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਤਰਫੋਂ ਸਰਟੀਫਿਕੇਟ ਭੇਟ ਕਰਦਿਆਂ ਏ ਡੀ ਸੀ (ਜਨਰਲ) ਅਨੁਪ੍ਰਿਤਾ ਜੋਹਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਬਜਾਏ ਇਨ-ਸੀਟੂ (in-situ) ਪ੍ਰਬੰਧਨ ਰਾਹੀਂ ਮਿੱਟੀ ਵਿੱਚ ਮਿਲਾਉਣ ਜਾਂ ਬੇਲਰਾਂ (balers) ਦੀ ਮਦਦ ਨਾਲ ਐਕਸ-ਸੀਟੂ (ex-situ) ਰਾਹੀਂ ਖੇਤਾਂ ਵਿੱਚੋਂ ਬਾਹਰ ਕੱਢਣ। ਇਹ ਤਰੀਕੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਦੇ ਹੋਏ ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਵਿੱਚ ਮਦਦ ਕਰਦੇ ਹਨ। ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਏ ਈ ਓ (AEO) ਰਵਿੰਦਰਪਾਲ ਸਿੰਘ ਚੱਠਾ ਅਤੇ ਏ ਏ ਈ (AAE) ਪ੍ਰਭਦੀਪ ਸਿੰਘ ਵੀ ਹਾਜ਼ਰ ਸਨ।
ਅਨੁਪ੍ਰਿਤਾ ਜੋਹਲ ਨੇ ਕਿਹਾ ਕਿ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀ ਅਗਾਂਹਵਧੂ ਸੋਚ ਦੂਜਿਆਂ ਲਈ ਮਾਰਗ ਦਰਸ਼ਕ ਬਣ ਰਹੀ ਹੈ। ਸਾਰੇ 22 ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਅਪੀਲ ਕੀਤੀ ਕਿ ਉਹ ਆਪੋ-ਆਪਣੇ ਇਲਾਕਿਆਂ ਦੇ ਸਾਥੀ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਬਜਾਏ ਪਰਾਲੀ ਪ੍ਰਬੰਧਨ ਦੇ ਸਹੀ ਤਰੀਕੇ ਅਪਣਾਉਣ ਲਈ ਪ੍ਰੇਰਿਤ ਕਰਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇੱਕ ਸਾਫ਼-ਸੁਥਰਾ ਵਾਤਾਵਰਨ ਸਿਰਜਣ ਲਈ ਸਾਂਝੇ ਯਤਨ ਬਹੁਤ ਜ਼ਰੂਰੀ ਹਨ।

