"17 ਸਾਲਾ ਪੁੱਤਰ ਨੂੰ ਜ਼ੰਜੀਰ ਨਾਲ ਬੰਨ੍ਹਣਾ ਪਿਆ": ਰਾਮਗੜ੍ਹ ਦੀ 'ਸਵਾਲ ਸਭਾ' ’ਚ ਛਲਕਿਆ ਪੀੜਤ ਪਰਿਵਾਰਾਂ ਦਾ ਦਰਦ
ਕੈਬਨਿਟ ਮੰਤਰੀ ਤੋਂ ਸਵਾਲ ਪੁੱਛਣ ਮਗਰੋਂ ਖੁਦਕੁਸ਼ੀ ਕਰਨ ਵਾਲੇ ਗੁਲਜ਼ਾਰ ਸਿੰਘ ਨੂੰ ਸਮਰਪਿਤ ਰਹੀ ਸਭਾ; ਪੀੜਤਾਂ ਨੇ ਸੁਣਾਈਆਂ ਹੱਡ-ਬੀਤੀਆਂ
"ਮੈਨੂੰ ਆਪਣੇ 17 ਸਾਲਾ ਪੁੱਤਰ ਨੂੰ ਭਾਰੇ ਮਨ ਨਾਲ ਜ਼ੰਜੀਰ ਨਾਲ ਬੰਨ੍ਹਣਾ ਪਿਆ।" ਨਾਭਾ ਨੇੜਲੇ ਪਿੰਡ ਰਾਮਗੜ੍ਹ ਦੇ ਰਵਿਦਾਸ ਮੰਦਰ ਵਿੱਚ ਹੋਈ ‘ਸਵਾਲ ਸਭਾ’ ਦੌਰਾਨ ਮਜ਼ਦੂਰ ਗੁਰਮੀਤ ਸਿੰਘ ਦੇ ਇਹ ਸ਼ਬਦ ਸੁਣ ਕੇ ਮਾਹੌਲ ਭਾਵੁਕ ਹੋ ਗਿਆ। ਸਭਾ ਵਿੱਚ ਆਮ ਲੋਕਾਂ ਨੇ ਨਸ਼ਿਆਂ, ਬੇਰੁਜ਼ਗਾਰੀ, ਸਿਹਤ ਸਹੂਲਤਾਂ, ਕਾਨੂੰਨ-ਵਿਵਸਥਾ ਅਤੇ ਸਰਕਾਰੀ ਜਵਾਬਦੇਹੀ ਨਾਲ ਜੁੜੇ ਆਪਣੇ ਤਜਰਬੇ ਅਤੇ ਸਵਾਲ ਸਾਂਝੇ ਕੀਤੇ।
ਇਹ ਸਭਾ ਸੰਗਰੂਰ ਦੇ ਪਿੰਡ ਤੂਰ ਬੰਜਾਰਾ ਦੇ ਗੁਲਜ਼ਾਰ ਸਿੰਘ ਨੂੰ ਸਮਰਪਿਤ ਸੀ, ਜਿਨ੍ਹਾਂ ਨੇ ਕੈਬਨਿਟ ਮੰਤਰੀ ਤੋਂ ਸਵਾਲ ਪੁੱਛਣ ਤੋਂ ਬਾਅਦ ਕਥਿਤ ਤੌਰ ’ਤੇ ਤੰਗ-ਪਰੇਸ਼ਾਨ ਕੀਤੇ ਜਾਣ ਦੇ ਦੋਸ਼ ਲਗਾਉਂਦਿਆਂ ਖੁਦਕੁਸ਼ੀ ਕਰ ਲਈ ਸੀ। ਡੈਮੋਕ੍ਰੇਟਿਕ ਮਨਰੇਗਾ ਫਰੰਟ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਕਰਵਾਈ ਗਈ ਇਸ ਸਭਾ ਵਿੱਚ ਬੁਲਾਰਿਆਂ ਨੇ ਕਿਹਾ ਕਿ ਕਿਸੇ ਵੀ ਦਬਾਅ ਨਾਲ ਲੋਕਾਂ ਦੇ ਸਵਾਲ ਪੁੱਛਣ ਦੇ ਹੱਕ ਨੂੰ ਨਹੀਂ ਰੋਕਿਆ ਜਾ ਸਕਦਾ।
ਗੁਰਮੀਤ ਸਿੰਘ ਨੇ ਦੱਸਿਆ ਕਿ ਨਾਭਾ ਪੜ੍ਹਨ ਜਾਂਦਾ ਉਨ੍ਹਾਂ ਦਾ ਪੁੱਤਰ ਨਸ਼ਿਆਂ ਦੀ ਲਪੇਟ ਵਿੱਚ ਆ ਗਿਆ। ਉਨ੍ਹਾਂ ਕਿਹਾ, "ਜਦੋਂ ਮੈਨੂੰ ਦੱਸਿਆ ਗਿਆ ਕਿ ਮੇਰਾ ਪੁੱਤਰ ਨਸ਼ੇ ਦੀ ਹਾਲਤ ਵਿੱਚ ਖੇਤਾਂ ਵਿੱਚ ਪਿਆ ਹੈ ਤਾਂ ਮੇਰੇ ਲਈ ਇਹ ਬਹੁਤ ਵੱਡਾ ਝਟਕਾ ਸੀ। ਮੇਰਾ ਸਾਲਾਂ ਤੋਂ ਮਿਹਨਤ ਨਾਲ ਜੋੜਿਆ 60 ਹਜ਼ਾਰ ਰੁਪਿਆ ਅਤੇ ਮੇਰੇ ਪੁੱਤਰ ਦਾ ਭਵਿੱਖ ਨਸ਼ਿਆਂ ਨੇ ਖਾ ਲਿਆ।"
ਇੱਕ ਹੋਰ ਔਰਤ ਨੇ ਦੱਸਿਆ ਕਿ ਉਸ ਦਾ ਪਤੀ, ਜੋ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵਿੱਚ ਰੈਗੂਲਰ ਮੁਲਾਜ਼ਮ ਹੈ, ਨਸ਼ਿਆਂ ਕਾਰਨ ਪਰਿਵਾਰ ਨੂੰ ਤਬਾਹੀ ਵੱਲ ਲੈ ਗਿਆ। ਭਾਵੁਕ ਹੁੰਦਿਆਂ ਉਸ ਨੇ ਕਿਹਾ, "ਘਰ ਦਾ ਆਖ਼ਰੀ ਪੱਖਾ ਵੀ ਵੇਚ ਦਿੱਤਾ, ਹੁਣ ਕੋਈ ਸਾਮਾਨ ਨਹੀਂ ਬਚਿਆ। ਪੇਕੇ ਰਾਸ਼ਨ ਭੇਜਦੇ ਹਨ, ਉਹ ਵੀ ਕਈ ਵਾਰ ਵੇਚ ਦਿੰਦਾ ਹੈ। ਅੱਜ ਸਵੇਰੇ ਹੀ ਮੇਰਾ ਮੋਬਾਈਲ ਵੀ ਵੇਚ ਆਇਆ।" ਉਸ ਨੇ ਕਿਹਾ ਕਿ ਬੱਚਿਆਂ ਦੇ ਭਵਿੱਖ ਕਾਰਨ ਉਹ ਰਿਸ਼ਤਾ ਖ਼ਤਮ ਕਰਨ ਦਾ ਫ਼ੈਸਲਾ ਨਹੀਂ ਲੈ ਸਕਦੀ। "ਮੈਂ ਨਹੀਂ ਚਾਹੁੰਦੀ ਕਿ ਮੇਰੇ ਛੋਟੇ ਬੱਚੇ ਪਿਉ ਤੋਂ ਵਾਂਝੇ ਹੋ ਜਾਣ, ਮੈਂ ਬਹੁਤ ਉਲਝਣ ਵਿੱਚ ਹਾਂ," ਉਸ ਨੇ ਦੁੱਖ ਪ੍ਰਗਟਾਇਆ।
ਪਿੰਡ ਰੋਹਟਾ ਦੇ ਹਰਭਗਵਾਨ ਦੱਤ ਨੇ ਕਿਹਾ ਕਿ ਕਈ ਪਰਿਵਾਰ ਬਦਨਾਮੀ ਦੇ ਡਰ ਕਾਰਨ ਨਸ਼ਿਆਂ ਨਾਲ ਹੋਈਆਂ ਮੌਤਾਂ ਬਾਰੇ ਖੁੱਲ੍ਹ ਕੇ ਨਹੀਂ ਬੋਲਦੇ। ਉਨ੍ਹਾਂ ਕਿਹਾ, "ਸਮਾਜ ਨੂੰ ਅਸਲੀਅਤ ਪਤਾ ਹੁੰਦੀ ਹੈ, ਪਰ ਜਦੋਂ ਅਸੀਂ ਸੱਚ ਰਿਕਾਰਡ ’ਤੇ ਨਹੀਂ ਲਿਆਉਂਦੇ ਤਾਂ ਸਿਸਟਮ ਜਵਾਬਦੇਹੀ ਤੋਂ ਬਚ ਜਾਂਦਾ ਹੈ।" ਸਭਾ ਵਿੱਚ ਔਰਤਾਂ ਨੇ ਰੁਜ਼ਗਾਰ ਦਾ ਮੁੱਦਾ ਵੀ ਜ਼ੋਰ-ਸ਼ੋਰ ਨਾਲ ਉਠਾਇਆ। ਕੁਲਵਿੰਦਰ ਕੌਰ ਨੇ ਕਿਹਾ ਕਿ ਜਦੋਂ ਘਰਾਂ ਦੇ ਮਰਦ ਨਸ਼ਿਆਂ ਜਾਂ ਬੇਰੁਜ਼ਗਾਰੀ ਦਾ ਸ਼ਿਕਾਰ ਹੁੰਦੇ ਹਨ ਤਾਂ ਮਨਰੇਗਾ ਹੀ ਚੁੱਲ੍ਹੇ ਬਲਦੇ ਰੱਖਣ ਵਿੱਚ ਸਹਾਰਾ ਬਣਦੀ ਸੀ, ਪਰ ਹੁਣ ਉਹ ਰੁਜ਼ਗਾਰ ਵੀ ਖੋਹ ਲਿਆ ਗਿਆ ਹੈ।
ਲੋਕਾਂ ਨੇ ਸਿਹਤ ਸਹੂਲਤਾਂ ਅਤੇ ਕਾਨੂੰਨ-ਵਿਵਸਥਾ ’ਤੇ ਵੀ ਸਵਾਲ ਚੁੱਕੇ। ਇੱਕ ਲੁੱਟ ਦੇ ਮਾਮਲੇ ਦਾ ਹਵਾਲਾ ਦਿੰਦਿਆਂ ਲੋਕਾਂ ਨੇ ਦੱਸਿਆ ਕਿ ਪੁਲੀਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਪਰਿਵਾਰ ’ਤੇ ਹਮਲਾ ਹੋਇਆ, ਜਿਸ ਵਿੱਚ ਤਿੰਨ ਸਾਲ ਦਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਹ ਪੀਜੀਆਈ ਚੰਡੀਗੜ੍ਹ ਵਿੱਚ ਜ਼ਿੰਦਗੀ ਲਈ ਲੜਾਈ ਲੜ ਰਿਹਾ ਹੈ। ਲੋਕਾਂ ਨੇ ਪੁੱਛਿਆ ਕਿ ਐਮਰਜੈਂਸੀ ਇਲਾਜ ਲਈ 100 ਕਿਲੋਮੀਟਰ ਦੂਰ ਚੰਡੀਗੜ੍ਹ ਕਿਉਂ ਜਾਣਾ ਪੈਂਦਾ ਹੈ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਤੇ ਨਾਭਾ ਦਾ ਸਿਵਲ ਹਸਪਤਾਲ ਸਿਰਫ਼ ਰੈਫ਼ਰਲ ਕੇਂਦਰ ਕਿਉਂ ਬਣੇ ਹੋਏ ਹਨ?
ਇਸ ਤੋਂ ਇਲਾਵਾ ਪਿੰਡਾਂ ਵਿੱਚ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਲਗਾਏ ਜਾ ਰਹੇ ਉਦਯੋਗਾਂ ਅਤੇ ਵਾਤਾਵਰਣ ਨਿਯਮਾਂ ਦੀ ਉਲੰਘਣਾ ਦਾ ਮੁੱਦਾ ਵੀ ਗੂੰਜਿਆ। ਪਿੰਡ ਨੇੜੇ ਇੱਕ ਵੱਡੇ ਮੁਰਗੀ ਫਾਰਮ ਦੀ ਬਦਬੂ ਕਾਰਨ ਲੋਕਾਂ ਨੇ ਭਾਰੀ ਪ੍ਰੇਸ਼ਾਨੀ ਜ਼ਾਹਰ ਕੀਤੀ। ਸਭਾ ਦੇ ਅੰਤ ਵਿੱਚ ਪਿੰਡ ਵਾਸੀਆਂ ਨੇ ਮਤਾ ਪਾਸ ਕਰਕੇ ਆਪਣੇ ਸਵਾਲ ਇੱਕ ਬੋਰਡ ’ਤੇ ਲਿਖ ਕੇ ਪਿੰਡ ਦੇ ਮੁੱਖ ਦਰਵਾਜ਼ੇ ’ਤੇ ਲਗਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਭਵਿੱਖ ਵਿੱਚ ਪਿੰਡ ਆਉਣ ਵਾਲੇ ਹਰ ਸਿਆਸੀ ਆਗੂ ਨੂੰ ਪਹਿਲਾਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ।

