ਅਤਿਵਾਦੀ ਮੌਡਿਊਲ ਦੇ 10 ਮੈਂਬਰ ਗ੍ਰਿਫ਼ਤਾਰ
ਗਗਨਦੀਪ ਅਰੋੜਾ
ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ ਐੱਸ ਆਈ ਦੀ ਮਦਦ ਨਾਲ ਲੁਧਿਆਣਾ ਸਣੇ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੈਂਡ ਗ੍ਰਨੇਡ ਹਮਲਾ ਕਰਨ ਵਾਲੇ ਅਤਿਵਾਦੀਆਂ ਨੂੰ ਲੁਧਿਆਣਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। 18 ਦਿਨ ਪਹਿਲਾਂ ਪੁਲੀਸ ਨੇ ਲੁਧਿਆਣਾ ’ਚੋਂ ਹੈਂਡ ਗ੍ਰਨੇਡ ਸਣੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਤੋਂ ਬਾਅਦ ਹੁਣ ਤੱਕ ਪੁਲੀਸ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਮੁਲਜ਼ਮ ਲੁਧਿਆਣਾ ਦੇ ਭੀੜ ਵਾਲੇ ਇਲਾਕੇ ਨੂੰ ਨਿਸ਼ਾਨ ਬਣਾਉਣ ਦੀ ਤਿਆਰੀ ਕਰ ਰਹੇ ਸਨ। ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਚੀਨੀ ਹੈਂਡ ਗ੍ਰਨੇਡ, ਪੱਟੀ ਤੇ ਦਸਤਾਨੇ ਬਰਾਮਦ ਹੋਏ ਸਨ। ਮੁਲਜ਼ਮ ਲੁਧਿਆਣਾ ਸਣੇ ਸੂਬੇ ਦੇ ਹੋਰ ਸ਼ਹਿਰਾਂ ਵਿੱਚ ਵੀ ਹਮਲਾ ਕਰਨ ਦੀ ਸਾਜ਼ਿਸ ’ਚ ਸਨ। 27 ਅਕਤੂਬਰ ਨੂੰ ਇਸ ਮਾਮਲੇ ਵਿੱਚ ਪੁਲੀਸ ਨੇ ਮੁਕਤਸਰ ਦੇ ਵਾਸੀ ਕੁਲਦੀਪ ਸਿੰਘ, ਸ਼ੇਖਰ ਤੇ ਅਜੈ ਨੂੰ ਸਭ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਤੋਂ ਬਾਅਦ ਅਮਰੀਕ ਸਿੰਘ, ਪਰਮਿੰਦਰ ਸਿੰਘ, ਵਿਜੈ, ਸੁਖਜੀਤ, ਸੁਖਵਿੰਦਰ ਸਿੰਘ, ਕਰਨਵੀਰ ਸਿੰਘ ਤੇ ਸਾਜਨ ਕੁਮਾਰ ਨੂੰ ਵੱਖ-ਵੱਖ ਜੇਲ੍ਹਾਂ ਵਿੱਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫ਼ਤਾਰ ਕੀਤਾ ਗਿਆ। ਇਹ ਸਾਰੇ ਹਮਲੇ ਕਰਨ ਦੀ ਸਾਜ਼ਿਸ਼ ਵਿੱਚ ਤਿੰਨਾਂ ਮੁਲਜ਼ਮਾਂ ਦੇ ਮਦਦਗਾਰ ਸਨ ਤੇ ਸਾਰੇ ਹੀ ਪਾਕਿਸਤਾਨੀ ਏਜੰਸੀ ਆਈ ਐੱਸ ਆਈ ਦੇ ਏਜੰਟ ਹਨ। ਹੈਂਡ ਗ੍ਰਨੇਡ ਰਾਹੀਂ ਧਮਾਕੇ ਦੀ ਸਾਜ਼ਿਸ਼ ਮਲੇਸ਼ੀਆ ਵਿੱਚ ਬਣਾਈ ਸੀ, ਜਿਸ ਵਿੱਚ ਮੁਲਜ਼ਮ ਅਜੈ ਕੁਮਾਰ, ਜਸ ਬਹਿਲ ਤੇ ਪਵਨਦੀਪ ਸ਼ਾਮਲ ਸਨ। ਸਾਰੇ ਮੁਲਜ਼ਮਾਂ ਖ਼ਿਲਾਫ਼ ਯੂ ਏ ਪੀ ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਸੀ। ਹੈਂਡ ਗ੍ਰਨੇਡ ਪਹੁੰਚਾਉਣ ਲਈ ਸੁਖਜੀਤ ਸਿੰਘ, ਸੁਖਵਿੰਦਰ ਸਿੰਘ, ਕਰਨਵੀਰ ਤੇ ਸਾਜਨ ਨੇ ਮਦਦ ਕੀਤੀ ਸੀ।
