Yudh Nashe Virudh: ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਲੋਕ ਲਹਿਰ ਬਣੀ: ਸਿਹਤ ਮੰਤਰੀ
ਬਲਬੀਰ ਸਿੰਘ ਨੇ ਨਸ਼ਾ ਰੋਕੂ ਗਤੀਵਿਧੀਆਂ ਦਾ ਜਾਇਜ਼ਾ ਲਿਆ
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੁਣ ਲੋਕ ਲਹਿਰ ਬਣ ਚੁੱਕੀ ਹੈ ਅਤੇ ਲੋਕ ਖ਼ੁਦ ਸੂਚਨਾ ਦੇ ਕੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਨਸ਼ੇ ਦੀ ਲਤ ਦੇ ਸ਼ਿਕਾਰ ਲੋਕ ਖੁੱਲ੍ਹ ਕੇ ਅੱਗੇ ਆ ਰਹੇ ਹਨ ਅਤੇ ਨਸ਼ਾ ਮੁਕਤੀ ਕੇਂਦਰਾਂ, ਓਟ ਸੈਂਟਰਾਂ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਉਨ੍ਹਾਂ ਦੀ ਆਮਦ ਵਿੱਚ 250 ਗੁਣਾ ਇਜ਼ਾਫ਼ਾ ਹੋਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇਥੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਉੱਚ ਪੱਧਰੀ ਬੈਠਕ ਦੌਰਾਨ ਚੱਲ ਰਹੀਆਂ ਨਸ਼ਾ ਰੋਕੂ ਗਤੀਵਿਧੀਆਂ ਦਾ ਜਾਇਜ਼ਾ ਲੈਂਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲੀਸ ਨੇ 1 ਮਾਰਚ 2025 ਤੋਂ 30 ਅਗਸਤ 2026 ਤੱਕ ਨਸ਼ਾ ਤਸਕਰੀ ਦੇ ਗ਼ੈਰ-ਵਪਾਰਕ ਮਾਮਲਿਆਂ ਵਿੱਚ 2254 ਕੇਸ ਦਰਜ ਕਰ ਕੇ 2701 ਤਸਕਰਾਂ ਨੂੰ, ਜਦਕਿ ਨਸ਼ਿਆਂ ਦੀ ਵਪਾਰਕ ਤਸਕਰੀ ਦੇ 88 ਮਾਮਲਿਆਂ ਵਿੱਚ 148 ਤਸਕਰਾਂ ਨੂੰ ਕਾਬੂ ਕੀਤਾ ਹੈ। 1254 ਵਿਅਕਤੀਆਂ ਦਾ ਡੀ-ਅਡਿਕਸ਼ਨ ਸੈਂਟਰਾਂ ਅਤੇ 65 ਦਾ ਓਟ ਸੈਂਟਰਾਂ ਵਿਖੇ ਇਲਾਜ ਕਰਵਾਇਆ ਗਿਆ ਹੈ। ਇਸ ਮੌਕੇ ਏ ਡੀ ਸੀ. (ਜ) ਅਨੁਪ੍ਰਿਤਾ ਜੌਹਲ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਐਸ.ਪੀ. (ਐਚ) ਵੈਭਵ ਚੌਧਰੀ ਨੇ ਭਰੋਸਾ ਦਿੱਤਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਬੈਠਕ ਦੌਰਾਨ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਕੁਲਵੰਤ ਸਿੰਘ ਬਾਜ਼ੀਗਰ, ਐੱਸ ਪੀ (ਸਿਟੀ) ਮੋਹਿਤ ਅਗਰਵਾਲ, ਐੱਸ ਪੀ (ਡੀ) ਦੇਵਿੰਦਰ ਅੱਤਰੀ, ਸਿਵਲ ਸਰਜਨ ਡਾ. ਸ਼ੈਲੀ ਜੇਤਲੀ, ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ ਡਾ. ਵਿਸ਼ਾਲ ਚੋਪੜਾ, ਮਨੋਰੋਗ ਵਿਭਾਗ ਦੇ ਮੁਖੀ ਡਾ. ਰਜਨੀਸ਼ ਰਾਜ ਮੌਜੂਦ ਸਨ।

