Youth Murder: ਨੌਜਵਾਨ ਦੀ ਲਾਸ਼ ਤਿੰਨ ਦਿਨ ਮਗਰੋਂ ਟੋਭੇ ’ਚੋਂ ਮਿਲੀ
ਨੌਗਾਵਾਂ ਵਾਸੀਆਂ ਨੇ ਪੁਲੀਸ ’ਤੇ ਮੁਲਜ਼ਮਾਂ ਨੂੰ ਬਚਾਉਣ ਦੇ ਦੋਸ਼ ਲਾ ਕੇ ਰੋਸ ਪ੍ਰਦਰਸ਼ਨ ਕੀਤਾ
ਘਨੌਰ ਦੇ ਪਿੰਡ ਨੌਗਾਵਾਂ ਵਿੱਚ ਮਜ਼ਦੂਰ ਨੌਜਵਾਨ ਦੀ ਕਥਿਤ ਤੌਰ ’ਤੇ ਕੁਝ ਵਿਅਕਤੀਆਂ ਵੱਲੋਂ ਹੱਤਿਆ ਕਰ ਕੇ ਲਾਸ਼ ਪਿੰਡ ਦੇ ਟੋਭੇ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸ਼ੰਭੂ ਦੀ ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਪਿੰਡ ਵਾਸੀਆਂ ਵੱਲੋਂ ਧਰਮਸ਼ਾਲਾ ਵਿੱਚ ਇਕੱਠ ਕਰ ਕੇ ਪੁਲੀਸ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ।
ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪੁਲੀਸ ਕਥਿਤ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਐਡਵੋਕੇਟ ਜਸਪਾਲ ਸਿੰਘ, ਰਾਜਵੰਤ ਕੌਰ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਵਿਜੈ ਕੁਮਾਰ ਇੱਕ ਵਿਅਕਤੀ ਕੋਲ ਨੌਕਰ ਸੀ। ਵਿਜੈ ਕੁਮਾਰ ਨਾਲ ਪਹਿਲਾਂ ਕੁੱਟਮਾਰ ਕੀਤੀ ਗਈ ਅਤੇ ਮਗਰੋਂ ਉਸ ਨੂੰ ਟੋਭੇ ਵਿੱਚ ਸੁੱਟ ਦਿੱਤਾ ਗਿਆ। ਤਿੰਨ ਦਿਨ ਬਾਅਦ ਉਸ ਦੀ ਲਾਸ਼ ਟੋਭੇ ’ਚੋਂ ਬਾਹਰ ਕੱਢੀ ਗਈ। ਪਰਿਵਾਰਕ ਮੈਂਬਰਾ ਮੁਤਾਬਕ ਮ੍ਰਿਤਕ ਦੇ ਸਿਰ ’ਤੇ ਸੱਟਾਂ ਦੇ ਨਿਸ਼ਾਨ ਸਨ, ਪਰ ਪੁਲੀਸ ਵੱਲੋਂ ਮਾਮਲੇ ਨੂੰ ਖੁਦਕੁਸ਼ੀ ਵੱਲ ਮੋੜਨ ਦਾ ਦੋਸ਼ ਲਾਇਆ ਗਿਆ। ਪੁਲੀਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪਰਿਵਾਰ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਸਸਕਾਰ ਕਰਨ ਤੋਂ ਇਨਕਾਰ ਕੀਤਾ ਗਿਆ ਹੈ। ਥਾਣਾ ਸ਼ੰਭੂ ਦੇ ਏ ਐੱਸ ਆਈ ਸਵਰਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਐੱਸ ਸੀ /ਐੱਸ ਟੀ ਐਕਟ ਦੀਆਂ ਧਾਰਾਵਾਂ ਵਿੱਚ ਵਾਧਾ ਕੀਤਾ ਗਿਆ ਹੈ।

