Youth Dying From Drugs: ਸਰਕਾਰ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ: ਹਰਿਆਊ
ਕਾਂਗਰਸੀ ਆਗੂ ਨੇ ਨਸ਼ੇ ਨਾਲ ਮਰੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ
ਕਾਂਗਰਸ ਦੀ ਆਗੂ ਹਲਕਾ ਸ਼ੁਤਰਾਣਾ ਤੋਂ ਸੰਭਾਵੀ ਉਮੀਦਵਾਰ ਬੀਬੀ ਪਲਵਿੰਦਰ ਕੌਰ ਹਰਿਆਊ ਨੇ ਕਿਹਾ ਹੈ ਪਿੰਡਾਂ ਵਿੱਚ ਮਾਰੂ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਬੜਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਸਰਕਾਰ ਬਣਨ ’ਤੇ ਨਸ਼ਿਆਂ ਨੂੰ ਖ਼ਤਮ ਕਰਲ ਦੀ ਗਾਰੰਟੀ ਦਿੱਤੀ ਸੀ। ਉਨ੍ਹਾਂ ਪਿੰਡ ਚੁਨਾਗਰਾ, ਪਾਤੜਾਂ, ਦੁਗਾਲ ਅਤੇ ਪਿੰਡ ਦੇਧਨਾ ਵਿੱਚ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਤੇ ਮਗਰੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਹੈ ਕਿ ਪਿੰਡਾਂ ਵਿੱਚ ਨਸ਼ਿਆਂ ਨਾਲ ਲਗਾਤਾਰ ਮੌਤਾਂ ਹੋ ਰਹੀਆਂ ਰਹੀਆਂ ਨੇ, ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਹੈ। ਜ਼ਿਕਰਯੋਗ ਹੈ ਕਿ ਪਿੰਡ ਦੇਧਨਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਡ ਸਟੇਡੀਅਮ ਉਦਘਾਟਨ ਕਰਨ ਤੋਂ ਪਹਿਲਾਂ ਪਿੰਡ ਬੂਟਾ ਸਿੰਘ ਵਾਲੇ ਦੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਜੁੜਿਆ ਮਸਲਾ ਸਿਆਸੀ ਇਸ਼ਤਿਹਾਰ ਜਾਂ ਦਾਅਵੇ ਤੋਂ ਵੱਡਾ ਹੈ। ਉਨ੍ਹਾਂ ਮੰਗ ਕੀਤੀ ਕਿ ਨਸ਼ਿਆਂ ਦੀ ਵਿਕਰੀ ਅਤੇ ਸਪਲਾਈ ਵਿਰੁੱਧ ਨਿਰਪੱਖ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਨਸ਼ੇ ਦੀ ਲੱਤ ਨਾਲ ਜੂਝ ਰਹੇ ਨੌਜਵਾਨਾਂ ਲਈ ਇਲਾਜ ਅਤੇ ਪੁਨਰਵਾਸ ਦੀਆਂ ਸਹੂਲਤਾਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਅਤੇ ਪ੍ਰਸ਼ਾਸਨ ਨੇ ਨਸ਼ਿਆਂ ਦੀ ਸਮੱਸਿਆ ਨਾਲ ਜੁੜੀਆਂ ਜ਼ਮੀਨੀ ਹਕੀਕਤਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਲੋਕ ਆਉਣ ਵਾਲੇ ਦਿਨਾਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਨਸ਼ਿਆਂ ਖ਼ਿਲਾਫ਼ ਲਹਿਰ ਖੜ੍ਹੀ ਕੀਤੀ ਜਾਵੇਗੀ: ਭਿੰਡਰ
ਦੇਵੀਗੜ੍ਹ (ਪੱਤਰ ਪ੍ਰੇਰਕ): ਬਾਬਾ ਬਕਾਲਾ ਸਾਹਿਬ ਵਿੱਚ ਰੈਲੀ ਦੌਰਾਨ ਅਕਾਲੀ ਦਲ ਵਾਰਿਸ ਪੰਜਾਬ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵੱਲੋਂ ਪੰਜਾਬ ਨੂੰ ਮੁਕੰਮਲ ਤੌਰ ’ਤੇ ਨਸ਼ਾ ਮੁਕਤ ਕਰਨ ਦਾ ਪਹਿਲਾ ਅਹਿਦ ਲਿਆ ਗਿਆ। ਇਸ ਅਹਿਦ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਵਿੱਚ ਅਕਾਲੀ ਦਲ ਵਾਰਿਸ ਦੇ ਆਗੂ ਨਰਿੰਦਰ ਸਿੰਘ ਭਿੰਡਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਪਿੰਡ-ਪਿੰਡ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਨਰਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਹਲਕਾ ਸਨੌਰ ਤੋਂ ਸ਼ੁਰੂ ਕੀਤੀ ਇਹ ਮੁਹਿੰਮ ਆਉਣ ਵਾਲੇ ਸਮੇਂ ਵਿੱਚ ਹੋਰ ਪਿੰਡਾਂ ਤੱਕ ਲਿਜਾਈ ਜਾਵੇਗੀ ਅਤੇ ਲੋਕਾਂ ਨੂੰ ਨਾਲ ਲੈ ਕੇ ਨਸ਼ਿਆਂ ਵਿਰੁੱਧ ਇੱਕ ਮਜ਼ਬੂਤ ਸਮਾਜਿਕ ਲਹਿਰ ਖੜ੍ਹੀ ਕੀਤੀ ਜਾਵੇਗੀ।

