ਖੇਤਰੀ ਪ੍ਰਤੀਨਿਧ
ਸਨੌਰ, 24 ਸਤੰਬਰ
ਕਸਬਾ ਸਨੌਰ ਵਿੱਚ ਇੱਕੋ ਰਾਤ ਕਈ ਦੁਕਾਨਾਂ ਅਤੇ ਡੇਅਰੀਆਂ ਦੇ ਤਾਲ਼ੇ ਤੋੜ ਕੇ ਚੋਰੀਆਂ ਕਰਨ ਵਾਲ਼ਾ ਆਖਰ ਪੁਲੀਸ ਦੇ ਅੜਿੱਕੇ ਆ ਗਿਆ ਹੈ। ਸੁਖਵਿੰਦਰ ਸਿੰਘ ਸੁੱਖੀ ਨਾਮ ਦੇ ਇਸ ਨੌਜਵਾਨ ਨੂੰ ਥਾਣਾ ਸਨੌਰ ਦੀ ਮਹਿਲਾ ਐਸ.ਐਚ.ਓ ਪ੍ਰਿਯਾਂਸ਼ੂ ਸਿੰਘ ਤੇ ਟੀਮ ਨੇ ਕਾਬੂ ਕੀਤਾ। ਇਹ ਜਾਣਕਾਰੀ ਐਸਪੀ (ਸਿਟੀ) ਸਰਫਰਾਜ ਆਲਮ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਇਸ ਦੌਰਾਨ ਸਨੌਰ ਥਾਣੇ ਦੀ ਮੁਖੀ ਪ੍ਰਿਯਾਂਸ਼ੂ ਸਿੰਘ ਵੀ ਨਾਲ ਮੌਜੂਦ ਸਨ।
ਜ਼ਿਕਰਯੋਗ ਹੈ ਕਿ 11/12 ਸਤੰਬਰ ਦੀ ਦਰਮਿਆਨੀ ਰਾਤ ਨੂੰ ਸਨੌਰ ’ਚ ਕਰਿਆਨੇ ਅਤੇ ਡੇਅਰੀ ਦੀਆਂ 3/4 ਦੁਕਾਨਾਂ ਦੇ ਤਾਲੇ ਤੋੜ ਕੇ ਨਕਦੀ ਚੁਰਾ ਲਈ ਸੀ। ਫੇਰ 20/21 ਸਤੰਬਰ ਦੀ ਰਾਤ ਵੀ ਅਨੁਜ ਕੁਮਾਰ ਸਨੌਰ ਦੀ ਦੁਕਾਨ ਵਿੱਚੋਂ 15 ਹਜ਼ਾਰ, ਰਮੇਸ਼ ਕੁਮਾਰ ਸਨੌਰ ਅਤੇ ਪ੍ਰਿਥੀ ਸਿੰਘ ਦੀਆਂ ਦੁਕਾਨਾਂ ਵਿੱਚੋਂ 16 ਹਜ਼ਾਰ ਚੋਰੀ ਕੀਤੇ। ਥਾਣਾ ਮੁਖੀ ਪ੍ਰਿਯਾਂਸ਼ੂ ਸਿੰਘ ਨੇ ਜਿੱਥੇ ਸੀ.ਸੀ.ਟੀ.ਵੀ ਕੈਮਰਿਆਂ ਕੈਮਰਿਆਂ ਦੀ ਛਾਣਬੀਣ ਕੀਤੀ, ਉਥੇ ਹੀ ਤਕਨੀਕੀ ਆਧਾਰ ’ਤੇ ਵੀ ਤਫਤੀਸ਼ ਆਰੰਭੀ। ਇਸ ਤਰ੍ਹਾਂ ਪੈੜ ਨੱਪਦੀ ਹੋਈ ਪੁਲੀਸ ਆਖਰ ਮੁਲਜ਼ਮ ਤੱਕ ਜਾ ਅੱਪੜੀ ਤੇ ਉਸ ਨੂੰ ਕਾਬੂ ਕਰ ਲਿਆ।
ਮੁਲਜ਼ਮ ਤੋਂ ਪੁੱਛਗਿੱਛ ਦੇ ਹਵਾਲੇ ਨਾਲ਼ ਐਸਪੀ ਨੇ ਦੱਸਿਆ ਕਿ ਚਾਰ ਕੁ 4 ਮਹੀਨਿਆ ਮਾੜੀ ਸੰਗਤ ’ਚ ਪੈਣ ਕਾਰਨ ਉਹ ਮਾਪਿਆਂ ਨਾਲ ਝਗੜਾ ਕਰਨ ਲੱਗਾ ਸੀ ਜਿਸ ਕਾਰਨ ਉਸ ਨੂੰ ਬੇਦਖਲ ਕਰ ਦਿੱਤਾ ਗਿਆ। ਇਸ ਮਗਰੋਂ ਉਹ ਖਰਚੇ ਦੀ ਪੂਰਤੀ ਲਈ ਚੋਰੀਆਂ ਦੇ ਰਾਹ ਪੈ ਗਿਆ।