ਗੌਰਵਪਾਲ ਸੂਦ/ਹਰਦੀਪ ਸਿੰਘ ਭੰਗੂ
ਭਾਦਸੋਂ, 10 ਅਪਰੈਲ
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਭਾਦਸੋਂ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ, ਉਨ੍ਹਾਂ ਭੰਗੂ ਰਾਈਸ ਮਿਲ ਸਕਰਾਲੀ ਦੇ ਸਬ-ਯਾਰਡ ਵਿੱਚ ਪਿੰਡ ਘੁੰਡਰ ਦੇ ਕਿਸਾਨ ਬਲਦੀਪ ਸਿੰਘ ਦੀ ਕਣਕ ਦੀ ਮਾਰਕਫੈੱਡ ਵੱਲੋਂ ਖਰੀਦ ਕਰਨ ਲਈ ਬੋਲੀ ਵੀ ਕਰਵਾਈ। ਇਸ ਮੌਕੇ ਪੰਜਾਬ ’ਚ ਆੜ੍ਹਤੀਆਂ ਵੱਲੋਂ ਆਪਣੀ ਹੜਤਾਲ ਵਾਪਸ ਲਏ ਜਾਣ ਦਾ ਸਵਾਗਤ ਕਰਦਿਆਂ ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆੜ੍ਹਤੀਆਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਲੜਾਈ ਲੜੀ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਤੇ ਆੜ੍ਹਤੀਆਂ ਦੇ ਨਹੁੰ ਮਾਸ ਦੇ ਰਿਸ਼ਤੇ ਨੂੰ ਤਬਾਹ ਕਰਨ ਦੇ ਨਾਲ-ਨਾਲ ਪੰਜਾਬ ਦੀ ਆਰਥਿਕਤਾ ਨੂੰ ਵੱਡੀ ਢਾਹ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਰਿਕਾਰਡ ਹੈ ਕਿ ਪੰਜਾਬ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਪਿਛਲੇ ਸਮੇਂ 2002-2007 ’ਚ ਵੀ ਅਤੇ ਇਸ ਵਾਰ ਵੀ ਕਿਸਾਨਾਂ ਨੂੰ ਮੰਡੀਆਂ ’ਚ ਨਹੀਂ ਰੁਲਣ ਦਿੱਤਾ ਜਾਵੇਗਾ, 24 ਘੰਟਿਆਂ ’ਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਮੰਡੀਆਂ `ਚ ਕਣਕ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ ਮੰਡੀਆਂ ’ਚ ਕੋਵਿਡ-19 ਮਹਾਮਾਰੀ ਤੋਂ ਬਚਾਅ ਲਈ ਜਿੱਥੇ ਟੀਕਾਕਰਨ ਦੇ ਪ੍ਰਬੰਧ ਹੈ, ਉਥੇ ਹੀ ਇਸ ਮਹਾਮਾਰੀ ਤੋਂ ਬਚਾਅ ਲਈ ਵੀ ਪਿਛਲੇ ਸੀਜ਼ਨ ਦੀ ਤਰਜ਼ ’ਤੇ ਪੂਰੇ ਪ੍ਰਬੰਧ ਕੀਤੇ ਗਏ ਹਨ। ਅੱਜ ਅਨਾਜ ਮੰਡੀ ਭਾਦਸੋਂ ਵਿਚ 2000 ਕੁਇੰਟਲ ਦੇ ਕਰੀਬ ਕਣਕ ਦੀ ਆਮਦ ਹੋਈ, ਜਿਸ ਵਿਚੋਂ ਮਾਰਕਫੈੱਡ ਵਲੋਂ 100 ਕੁਇੰਟਲ, ਪਨਗ੍ਰੇਨ ਵਲੋਂ 800 ਕੁਇੰਟਲ ਦੀ ਕਣਕ ਦੀ ਖਰੀਦ ਕੀਤੀ ਗਈ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਖੱਟੜਾ, ਐੱਸਡੀਐੱਮ ਕਾਲਾ ਰਾਮ ਕਾਂਸਲ, ਵਾਈਸ ਚੇਅਰਮੈਨ ਮੱਖਣ ਸਿੰਘ ਟੌਹੜਾ, ਨਗਰ ਪੰਚਾਇਤ ਪ੍ਰਧਾਨ ਚੁੰਨੀ ਲਾਲ, ਸਕੱਤਰ ਮਾਰਕੀਟ ਕਮੇਟੀ ਅਸ਼ਵਨੀ ਕੁਮਾਰ, ਰਵਿੰਦਰ ਸਿੰਘ ਮੁੰਗੋ, ਸ਼ਕਤੀ ਕੁਮਾਰ, ਪ੍ਰਗਟ ਸਿੰਘ ਭੜੀ ਵੀ ਹਾਜ਼ਰ ਸਨ।
ਵਿਧਾਇਕ ਚੰਦੂਮਾਜਰਾ ਨੇ ਕੈਪਟਨ ਸਰਕਾਰ ਘੇਰੀ
ਦੇਵੀਗੜ੍ਹ (ਮੁਖਤਿਆਰ ਸਿੰਘ ਨੋਗਾਵਾਂ): ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਤਰ੍ਹਾਂ-ਤਰ੍ਹਾਂ ਦੀਆਂ ਉਲਝਣਬਾਜ਼ੀਆਂ ਵਿੱਚ ਉਲਝਾਈ ਜਾ ਰਹੀ ਹੈ। ਹੁਣ ਜਦੋਂ ਹਰਿਆਣਾ ਨੇ ਪਹਿਲੀ ਅਪਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕੀਤੀ ਹੋਈ ਹੈ ਤਾਂ ਪੰਜਾਬ ਦੀ ਕੈਪਟਨ ਸਰਕਾਰ 10 ਅਪਰੈਲ ਨੂੰ ਕਣਕ ਦੀ ਖਰੀਦ ਦਾ ਐਲਾਨ ਕਰਕੇ ਵੀ ਖਰੀਦ ਸ਼ੁਰੂ ਨਹੀਂ ਕਰਵਾ ਸਕੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਅਨਾਜ ਮੰਡੀ ਦੁਧਨਸਾਧਾਂ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਅਤੇ ਕਣਕ ਦੀ ਖਰੀਦ ਦਾ ਜਾਇਜ਼ਾ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਵੀ ਸੈਸ਼ਨ ਦੌਰਾਨ ਕਣਕ ਦੀ ਖਰੀਦ ਸਮੇਂ ਮੁਸ਼ਕਲਾਂ ਆਉਣ ਬਾਰੇ ਮਾਮਲਾ ਉਠਾਇਆ ਸੀ ਪਰ ਕੈਪਟਨ ਨੇ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਦਾ ਖਾਮਿਆਜ਼ਾ ਕਿਸਾਨਾਂ ਨੂੰ ਅੱਜ ਭੁਗਤਣ ਪੈ ਰਿਹਾ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਨੇ ਵੀ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਣਕ ਦੀ ਐਨ ਖਰੀਦ ਸਮੇਂ ਮੰਡੀਆਂ ਵਿੱਚ ਕਿਸਾਨਾਂ ਤੇ ਆੜ੍ਹਤੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਸਖਤ ਨਿੰਦਿਆ ਕੀਤੀ ਹੈ।