ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 8 ਜੁਲਾਈ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਪ੍ਰੈੱਸ ਇਨਫਰਮੇਸ਼ਨ ਬਿਊਰੋ ਦੇ ਸਹਿਯੋਗ ਨਾਲ ‘ਸੰਚਾਰ ਸਬੰਧੀ ਸਰਕਾਰੀ ਰਣਨੀਤੀ ਅਤੇ ਕੋਵਿਡ-19 ਦੇ ਸਮੇਂ ਵਿਚ ਸੰਚਾਰ’ ਵਿਸ਼ੇ ਉੱਪਰ ਵੈਬਿਨਾਰ ਕਰਵਾਇਆ ਗਿਆ। ਇਸ ਦੌਰਾਨ ਕੁੰਜੀਵਤ ਭਾਸ਼ਣ ਵਧੀਕ ਡਾਇਰੈਕਟਰ ਜਨਰਲ (ਉੱਤਰੀ ਖੇਤਰ) ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਭਾਰਤ ਸਰਕਾਰ ਦੇਵਪ੍ਰੀਤ ਸਿੰਘ ਵੱਲੋਂ ਦਿੱਤਾ ਗਿਆ।
ਸ੍ਰੀਮਤੀ ਦੇਵਪ੍ਰੀਤ ਸਿੰਘ ਨੇ ਇਸ ਮੌਕੇ ਸਰਕਾਰ ਵੱਲੋਂ ਅਪਣਾਈ ਜਾਂਦੀ ਸੰਚਾਰ ਪ੍ਰਣਾਲੀ ਦੇ ਬੁਨਿਆਦੀ ਨੁਕਤਿਆਂ ਬਾਬਤ ਵਿਸਥਾਰ ਵਿਚ ਜਾਣੂ ਕਰਵਾਇਆ। ਡਾਇਰੈਕਟਰ (ਨੌਰਥ ਵੈਸਟ ਰਿਜਨ), ਆਰਓਬੀ, ਚੰਡੀਗੜ੍ਹ ਅਸ਼ੀਸ਼ ਗੋਇਲ ਨੇ ਮੰਤਰਾਲੇ ਅਧੀਨ ਕੰਮ ਕਰਦੀਆਂ ਵੱਖ-ਵੱਖ ਮੀਡੀਆ ਇਕਾਈਆਂ ਦੀ ਭੂਮਿਕਾ ਬਾਰੇ ਰਿਪੋਰਟ ਪੇਸ਼ ਕੀਤੀ ਗਈ।
ਵਿਭਾਗੀ ਵਿਦਿਆਰਥੀਆਂ ਨਾਲ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਇਸ ਔਖੇ ਸਮੇਂ ਵਿਚ ਸਾਨੂੰ ਸੋਸ਼ਲ ਮੀਡੀਆ ਦੇ ਕਿਸੇ ਵੀ ਪਲੇਟਫਾਰਮ ’ਤੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਵੇਲੇ ਹੋਰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਡਿਪਟੀ ਡਾਇਰੈਕਟਰ ਆਰਓਬੀ ਚੰਡੀਗੜ੍ਹ ਅਨੁਜ ਚਾਂਡਕ ਨੇ ਸੋਸ਼ਲ ਮੀਡੀਆ ਸੰਚਾਰ ਅਤੇ ਫੇਕ ਨਿਊਜ਼ ਦੇ ਵਿਸ਼ੇ ਬਾਰੇ ਚਰਚਾ ਕੀਤੀ। ਫੇਸਬੁੱਕ ਅਤੇ ਵਾਟਸਐਪ ਰਾਹੀਂ ਝੂਠੀਆਂ ਅਤੇ ਬੇਬੁਨਿਆਦ ਖ਼ਬਰਾਂ ਨੂੰ ਅੱਗੇ ਤੋਂ ਅੱਗੇ ਭੇਜੇ ਜਾਣ ਬਾਰੇ ਕਈ ਪੱਖਾਂ ’ਤੇ ਉਨ੍ਹਾਂ ਆਪਣੇ ਅਹਿਮ ਵਿਚਾਰ ਰੱਖੇ। ਉਨ੍ਹਾਂ ਦੱਸਿਆ ਕਿ ਬਹੁਤ ਸਾਰੀਆਂ ਵਿਧੀਆਂ ਨੂੰ ਅਪਣਾ ਕੇ ਕਿਵੇਂ ਅਜਿਹੀਆਂ ਝੂਠੀਆਂ ਖ਼ਬਰਾਂ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੱਤਰਕਾਰੀ ਤੇ ਜਨਸੰਚਾਰ ਵਿਭਾਗ ਦੇ ਮੁਖੀ ਡਾ. ਹੈਪੀ ਜੇਜੀ ਨੇ ਕਿਹਾ ਕਿ ਸੰਚਾਰ ਦੇ ਖੇਤਰ ਵਿਚ ਬਹੁਤ ਸਾਰੇ ਪੱਖਾਂ ਵਿਚ ਵੱਡੇ ਬੁਨਿਆਦੀ ਪਰਿਵਰਤਨ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਅਸੀਂ ਸਿਰਫ਼ ਕਰੋਨਾ ਮਹਾਮਾਰੀ ਨਾਲ ਹੀ ਨਹੀਂ ਨਜਿੱਠ ਰਹੇ ਸਗੋਂ ਇਸ ਦੇ ਸਮਾਨਾਂਤਰ ਝੂਠੀਆਂ ਸੂਚਨਾਵਾਂ ਦੀ ਮਹਾਮਾਰੀ ਨਾਲ ਵੀ ਲੜਨਾ ਪੈ ਰਿਹਾ ਹੈ। ਇਸ ਵੈਬਿਨਾਰ ਵਿਚ 50 ਦੇ ਕਰੀਬ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਭਾਗ ਲਿਆ। ਅਸਿਸਟੈਂਟ ਡਾਇਰੈਕਟਰ ਆਰਓਬੀ ਚੰਡੀਗੜ੍ਹ ਸਪਨਾ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ।