ਗੁਰਨਾਮ ਸਿੰਘ ਅਕੀਦਾ
ਪਟਿਆਲਾ, 27 ਸਤੰਬਰ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 115ਵੇਂ ਜਨਮ ਦਿਨ ਦੀ ਪੂਰਵ ਸੰਧਿਆ ਮੌਕੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਵਾਕਾਥਾਨ ਅਤੇ ਮੋਮਬੱਤੀ ਮਾਰਚ ਵਿੱਚ ਵੱਡੀ ਗਿਣਤੀ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮਗਰੋਂ ਪੋਲੋ ਗਰਾਊਂਡ ਵਿੱਚ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਵਿਚਾਰਧਾਰਾ ’ਤੇ ਅਧਾਰਿਤ ਨਾਟਕ ‘ਬੁੱਤ ਜਾਗ ਪਿਆ’ ਦਾ ਮੰਚਨ ਹੋਇਆ।
ਇਸ ਮੌਕੇ ਸ਼ਾਮਲ ਹੋਏ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਅਸਥਾਨ ਉੱਪਰ ਸਹੁੰ ਚੁੱਕ ਕੇ ਲੋਕਾਂ ਦੀ ਸੇਵਾ ਸੰਭਾਲੀ ਹੈ, ਜਿਸ ਲਈ ਭਗਵੰਤ ਮਾਨ ਸਰਕਾਰ ਵੱਲੋਂ ਸ਼ਹੀਦਾਂ ਦੇ ਸੁਫਨਿਆਂ ਦਾ ਪੰਜਾਬ ਸਿਰਜਣ ਅਤੇ ਰੰਗਲਾ ਪੰਜਾਬ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਇੱਥੇ ਐਨ.ਆਈ.ਐੱਸ. ਚੌਕ ਤੋਂ ਸ਼ੁਰੂ ਕੀਤੇ ਗਏ ਮੋਮਬੱਤੀ ਮਾਰਚ ਵਿੱਚ ਸੁਤੰਤਰਤਾ ਸੰਗਰਾਮੀ ਮੋਹਕਮ ਸਿੰਘ, ਸੁਤੰਤਰਤਾ ਸੰਗਰਾਮੀਆਂ ਦੇ ਉੱਤਰਾਧਿਕਾਰੀ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਆਈਜੀ ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੋਂ ਇਲਾਵਾ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ। ਪੋਲੋ ਗਰਾਊਂਡ ਵਿੱਚ ਸਮਾਪਤ ਹੋਏ ਮਾਰਚ ਵਿੱਚ ਸ਼ਹੀਦ ਭਗਤ ਸਿੰਘ ਦੀ ਤਸਵੀਰ ਉਪਰ ਫੁੱਲ ਚੜ੍ਹਾਏ ਗਏ ਅਤੇ ਉਨ੍ਹਾਂ ਵੱਲੋਂ ਦਰਸਾਏ ਰਾਹ ਉੱਤੇ ਚੱਲਣ ਦਾ ਪ੍ਰਣ ਕੀਤਾ।
ਇਸ ਮਗਰੋਂ ਪੋਲੋ ਗਰਾਊਂਡ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨ ਥਾਪਾ ਦੀ ਅਗਵਾਈ ਹੇਠ ਗੁਰਸ਼ਰਨ ਸਿੰਘ ਰਚਿਤ ਤੇ ਅਨਾਇਤ ਵੱਲੋਂ ਨਿਰਦੇਸ਼ਤ ਨਾਟਕ ‘ਬੁੱਤ ਜਾਗ ਪਿਆ’ ਦੇ ਮੰਚਨ ਦੌਰਾਨ ਸ਼ਹੀਦ ਭਗਤ ਸਿੰਘ ਦੇ ਜੀਵਨ, ਆਦਰਸ਼ ਤੇ ਵਿਚਾਰਧਾਰਾ ਨੂੰ ਦਰਸਾਇਆ ਗਿਆ। ਨਾਟਕ ਵਿੱਚ ਅਨਾਇਤ, ਰੁਪਿੰਦਰ ਸਿੰਘ, ਆਕਾਸ਼ ਤੇ ਗੁਰਦੀਪ ਸਿੰਘ ਆਦਿ ਨੇ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਜਦਕਿ ਸਿੱਖਿਆ ਵਿਭਾਗ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਲੇਖ ਲਿਖਣ, ਸਲੋਗਨ ਲਿਖਣ ਤੇ ਪੱਗ ਬੰਨ੍ਹਣ ਦੇ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।