ਗਣਤੰਤਰ ਦਿਵਸ ’ਤੇ ਤਿਰੰਗਾ ਲਹਿਰਾਇਆ

ਗਣਤੰਤਰ ਦਿਵਸ ’ਤੇ ਤਿਰੰਗਾ ਲਹਿਰਾਇਆ

ਰਵੇਲ ਸਿੰਘ ਭਿੰਡਰ

ਪਟਿਆਲਾ, 27 ਜਨਵਰੀ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਗਣਤੰਤਰ ਦਿਵਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਅੰਮ੍ਰਿਤਪਾਲ ਕੌਰ ਵੱਲੋਂ ਤਿਰੰਗਾ ਲਹਿਰਾਇਆ ਗਿਆ। ਇਸ ਮੌਕੇ ਰੱਖੇ ਗਏ ਇਕ ਸੰਖੇਪ ਪ੍ਰੋਗਰਾਮ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਦਿਨ ਸਾਡੇ ਰਾਸ਼ਟਰ ਲਈ ਇਕ ਬਹੁਤ ਹੀ ਪਵਿੱਤਰ ਦਿਨ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਸਾਨੂੰ ਸਾਡੇ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਚੇਤੇ ਕਰਦਿਆਂ ਨਮਨ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਇਸ ਵਤਨ ਦੀ ਆਜ਼ਾਦੀ ਲਈ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕੀਤੀਆਂ। ਇਸੇ ਤਰ੍ਹਾਂ ਪਾਵਰਕੌਮ ਦੇ ਮੁੱਖ ਦਫ਼ਤਰ ’ਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਪਾਵਰਕੌਮ ਦੇ ਡਾਇਰੈਕਟਰ ਪ੍ਰਬੰਧਕੀ ਸ੍ਰੀ ਆਰਪੀ ਪਾਂਡਵ ਨੇ ਅਦਾ ਕੀਤੀ। ਉਨ੍ਹਾਂ ਅਦਾਰੇ ਦੀਆਂ ਪ੍ਰਾਪਤੀਆਂ ਦਾ ਵਿਸਥਾਰ ’ਚ ਜ਼ਿਕਰ ਕੀਤਾ ਤੇ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਅਦਾਰੇ ਦੀ ਤਰੱਕੀ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ।

ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਦੇਸ਼ ਦਾ 72ਵਾਂ ਗਣਤੰਤਰ ਦਿਵਸ ਜਿੱਥੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਗਿਆ, ਉਥੇ ਹੀ ਸਬ ਡਿਵੀਜ਼ਨ ਦੁਧਨਸਾਧਾਂ ਵੱਲੋਂ ਵੀ ਇਹ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਐੱਸ.ਡੀ.ਐੱਮ. ਅੰਕੁਰਜੀਤ ਸਿੰਘ ਆਈ.ਏ.ਐੱਸ. ਨੇ ਅਦਾ ਕੀਤਾ। ਇਸ ਮੌਕੇ ਕੌਮੀ ਗੀਤ ਵੀ ਸਕੂਲ ਦੀਆਂ ਵਿਦਿਆਰਥਣਾ ਵੱਲੋਂ ਗਾਇਆ ਗਿਆ। ਇਸ ਮੌਕੇ ਪੁਲੀਸ ਦੀ ਟੁਕੜੀ ਨੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ। ਐੱਸ.ਡੀ.ਐੱਮ. ਅੰਕੁਰਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਇਲਾਕਾ ਵਾਸੀਆਂ ਨੂੰ ਕਿਹਾ ਕਿ ਸਾਨੂੰ ਦੇਸ਼ ਦੇ ਨਾਇਕਾਂ ਨੂੰ ਯਾਦ ਕਰਦਿਆਂ ਸਿਜਦਾ ਕਰਨਾ ਚਾਹੀਦਾ ਹੈ, ਜਿਨ੍ਹਾਂ ਸਦਕਾ ਦੇਸ਼ ਆਜ਼ਾਦ ਹੋਇਆ ਅਤੇ ਡਾ. ਅੰਬੇਦਕਰ ਸਾਹਿਬ ਨੇ ਦੇਸ਼ ਨੂੰ ਚਲਾਉਣ ਲਈ ਬੜੇ ਸੁਚੱਜੇ ਢੰਗ ਨਾਲ ਸਭ ਫਿਰਕਿਆਂ ਨੂੰ ਬਰਾਬਰ ਰੱਖ ਕੇ ਦੇਸ਼ ਦਾ ਕਾਨੂੰਨ ਬਣਾਇਆ। ਇਸ ਮੌਕੇ ਕੋਵਿਡ-19 ਦੌਰਾਨ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸ਼ਲਾਘਾ ਪੱਤਰ ਅਤੇ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ। 

 ਮਸਤੂਆਣਾ ਸਾਹਿਬ (ਸਤਨਾਮ ਸਿੰਘ): ਸਰਕਾਰੀ ਪ੍ਰਾਇਮਰੀ ਸਕੂਲ ਫਤਹਿਗੜ੍ਹ ਛੰਨਾ ਵਿੱਚ 72ਵਾਂ ਗਣਤੰਤਰ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਸਕੂਲ ਦੇ ਇੰਚਾਰਜ ਬੀਬੀ ਪੁਸ਼ਪਾ ਰਾਣੀ ਵੱਲੋਂ ਅਦਾ ਕੀਤੀ ਗਈ। ਇਸ ਉਪਰੰਤ ਸਕੂਲੀ ਬੱਚਿਆਂ ਵੱਲੋਂ ਕੌਮੀ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। 

ਭਾਰਤੀ ਫਾਊਂਡੇਸ਼ਨ ਸੰਗਰੂਰ ਵੱਲੋਂ ਪਿੰਡਾਂ ’ਚ ਚਲਾਏ ਜਾ ਰਹੇ ਸੱਤਿਆ ਭਾਰਤੀ ਸਕੂਲਾਂ ਵਿੱਚ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਾਰੇ ਹੀ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਕਰੋਨਾ ਮਹਾਮਾਰੀ ਦੇ ਚੱਲਦਿਆਂ ਸਮਾਜਿਕ ਦੂਰੀ ਬਣਾਉਂਦਿਆਂ ਸਕੂਲ ਵਿੱਚ  ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।  ਕੋਆਰਡੀਨੇਟਰ ਗੁਰਪਾਲ ਸਿੰਘ ਨੇ ਦੱਸਿਆ ਕਿ ਸਕੂਲ ਦੇ ਸਾਰੇ ਹੀ ਬੱਚੇ ਅਤੇ ਮਾਪਿਆਂ ਨੇ ਝੰਡਾ ਲਹਿਰਾਉਣ ਦੀ ਰਸਮ ਦਾ ਆਨੰਦ ਆਨਲਾਈਨ ਜੁੜ ਕੇ ਲਿਆ। 

ਸੰਦੌੜ (ਮੁਕੰਦ ਸਿੰਘ ਚੀਮਾ): ਅਕਾਲ ਅਕੈਡਮੀ ਮਨਾਲ ’ਚ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਗਣਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਪਰੇਡ ਮਾਰਚ ਵਿਚ ਹਿੱਸਾ ਲਿਆ। ਪ੍ਰਿੰਸੀਪਲ ਸ੍ਰੀਮਤੀ ਚਰਨਜੀਤ ਕੌਰ ਨੇ ਤਿਰੰਗਾ ਝੰਡਾ ਲਹਿਰਾਇਆ ਗਿਆ। ਵਿਦਿਆਰਥੀਆਂ ਨੇ ਕੌਮੀ ਗੀਤ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ। ਪ੍ਰਿੰਸੀਪਲ ਚਰਨਜੀਤ ਕੌਰ ਨੇ ਹਾਜ਼ਰ ਵਿਦਿਆਰਥੀਆਂ ਨੂੰ ਦੇਸ਼ ਪ੍ਰਤੀ ਕੁਰਬਾਨ ਹੋਣ ਵਾਲਿਆਂ ਯੋਧਿਆਂ ਤੋਂ ਸੇਧ ਲੈਣ ਦੀ ਅਪੀਲ ਕੀਤੀ। 

ਦੁਧਨਸਾਧਾਂ ’ਚ ਤਿਰੰਗਾ ਲਹਿਰਾਉਂਦੇ ਹੋਏ ਐੱਸਡੀਐੱਮ ਅੰਕੁਰਜੀਤ ਸਿੰਘ ਤੇ ਹੋਰ।

ਮਾਡਰਨ ਕਾਲਜ਼ ਆਫ਼ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਵਿੱਚ ਗਣਤੰਤਰ ਦਿਵਸ ਅਤੇ ਕੌਮੀ ਵੋਟਰ ਦਿਵਸ ਮਨਾਇਆ ਗਿਆ। ਇਸ ਦੌਰਾਨ ਕਾਲਜ ਦੇ ਸਟਾਫ਼ ਅਤੇ ਵਿਦਿਆਰਥਣਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਦਾ ਪ੍ਰਣ ਲਿਆ। ਡਾਇਰੈਕਟਰ ਜਗਜੀਤ ਸਿੰਘ ਅਤੇ ਪ੍ਰਿੰਸੀਪਲ ਡਾ. ਨੀਤੂ ਸੇਠੀ ਨੇ ਕਿਹਾ ਕਿ ਸਾਡਾ ਸੰਵਿਧਾਨ ਦੁਨੀਆਂ ਦਾ ਸਭ ਤੋਂ ਵੱਡਾ ਸੰਵਿਧਾਨ ਹੈ, ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ। 

ਦੇਵੀਗੜ੍ਹ: ਭਾਰਤੀ ਪਬਲਿਕ ਸਕੂਲ ਸ਼ੇਖੂਪੁਰ ਵਿੱਚ ਗਣਤੰਤਰ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਬੱਚਿਆਂ ਵੱਲੋਂ ਗਣਤੰਤਰ ਦਿਵਸ ਦੇ ਸਬੰਧੀ ਵਿਚਾਰ ਪੇਸ਼ ਕੀਤੇ ਗਏ, ਜਿਨ੍ਹਾਂ ’ਚੋਂ ਅਭਿਸ਼ੇਕ ਭਾਰਤੀ, ਵਿਸ਼ਾਲ ਭਾਰਤੀ, ਮੋਹਿਤ ਭਾਰਤੀ, ਰਾਹੁਲ ਭਾਰਤੀ, ਅਨਮੋਲ ਭਾਰਤੀ, ਅਮਨਦੀਪ ਭਾਰਤੀ, ਹਰਸ਼ਦੀਪ ਭਾਰਤੀ, ਕੋਮਲ ਭਾਰਤੀ, ਨਵਦੀਪ ਭਾਰਤ, ਸਾਹਿਲ ਭਾਰਤੀ ਤੇ ਸਮੀਰ ਭਾਰਤੀ ਆਦਿ ਬੱਚਿਆਂ ਨੇ ਅਲੱਗ ਅਲੱਗ ਗਰੁੱਪ ਬਣਾ ਕੇ ਸੰਵਿਧਾਨ ਲਾਗੂ ਹੋਣ ਸਬੰਧੀ ਆਪਣੇ-ਆਪਣੇ ਵਿਚਾਰ ਪ੍ਰਗਟ ਕੀਤੇ।     

ਬਾਹਲਾ ਪਬਲਿਕ ਸਕੂਲ ਪਿੱਪਲਖੇੜੀ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਵਿਚ ਕਵਿਤਾਵਾਂ ਅਤੇ ਕੌਮੀ ਗੀਤ ਗਾਏ। 

ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਦਿੜ੍ਹਬਾ ’ਚ ਮਨਾਏ ਗਏ 72ਵੇਂ ਗਣਤੰਤਰ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਿਭਾਉਣ ਉਪਰੰਤ ਸੰਬੋਧਨ ਕਰਦਿਆਂ ਡਾ. ਸਿਮਰਪ੍ਰੀਤ ਕੌਰ ਐੱਸਡੀਐੱਮ ਦਿੜ੍ਹਬਾ ਨੇ ਕਿਹਾ ਕਿ ਆਜ਼ਾਦੀ ਦੀ ਪ੍ਰਾਪਤੀ ਲਈ ਪੰਜਾਬੀਆਂ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਹੈ ਤੇ ਪੰਜਾਬ ਦੀ ਧਰਤੀ ’ਤੇ ਉੱਗੀਆਂ ਲਹਿਰਾਂ ਨੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਿੱਚ ਮਹੱਤਵਪੂਰਨ ਭੁਮਿਕਾ ਨਿਭਾਈ ਹੈ।

ਪੈਨਸ਼ਨਰਾਂ ਨੇ ਗਣਤੰਤਰ ਦਿਵਸ ਮਨਾਇਆ

ਸੰਗਰੂਰ (ਮਹਿੰਦਰ ਕੌਰ ਮੰਨੂ): ਸਟੇਟ ਪੈਨਸ਼ਨਰਜ਼ ਵੈਲਫੇਅਰ ਐਸੋ (ਐਮ.ਐੱਡ.ਏ) ਵੱਲੋਂ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿੱਚ 72ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਮਨਾਇਆ ਗਿਆ| ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਸਰਪ੍ਰਸਤ ਇੰਜ. ਪ੍ਰਵੀਨ ਬਾਂਸਲ, ਚੇਅਰਮੈਨ ਰਵਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ, ਪ੍ਰਬੰਧਕੀ ਸਕੱਤਰ ਸੁਰਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ, ਓ.ਪੀ.ਖਿੱਪਲ, ਬਲਦੇਵ ਸਿੰਘ ਅਤੇ ਨਰਸਿੰਗ ਲਾਲ ਲੂਥਰਾ ਆਦਿ ਸ਼ਾਮਲ ਸਨ| ਪਵਨ ਸ਼ਰਮਾ ਅਤੇ ਗਿਰਧਾਰੀ ਲਾਲ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ ਸੂਬਾਈ ਪ੍ਰਧਾਨ ਸ੍ਰੀ ਅਰੋੜਾ ਨੇ ਸੰਵਿਧਾਨ ਦੇ ਨਿਯਮਾਂ ਦੀ ਪਾਲਣਾ ਕਰਨ ’ਤੇ ਜ਼ੋਰ ਦਿੱਤਾ|

ਗਣਤੰਤਰ ਦਿਵਸ ’ਤੇ ਕਿਸਾਨਾਂ ਵੱਲੋਂ ਮਾਰਚ

ਮਾਲੇਰਕੋਟਲਾ ’ਚ ਗਣਤੰਤਰ ਦਿਹਾੜੇ ’ਤੇ ਮਾਰਚ ਕਰਦੇ ਹੋਏ ਕਿਸਾਨ।

ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਸਥਾਨਕ ਡਾ. ਜ਼ਾਕਿਰ ਹੁਸੈਨ ਸਟੇਡੀਅਮ ਵਿੱਚ 72ਵਾਂ ਗਣਤੰਤਰ ਦਿਵਸ ਕੋਵਿਡ-19 ਦੇ ਮੱਦੇਨਜ਼ਰ ਸਾਦੇ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਐੱਸ.ਡੀ.ਐੱਮ ਟੀ.ਬੈਨਿਥ ਨੇ ਤਿਰੰਗਾ ਝੰਡਾ ਲਹਿਰਾਇਆ। ਰੋਟਰੀ ਕਲੱਬ ਮਾਲੇਰਕੋਟਲਾ ਮਿਡ ਟਾਊਨ ਵਲੋਂ ਸਥਾਨਕ ਨਵੀਂ ਦਾਣਾ ਮੰਡੀ ਵਿੱਚ ਗਣਤੰਤਰਤਾ ਦਿਵਸ ਮਨਾਇਆ ਗਿਆ। ਉਧਰ, ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕੱਢੀ ਗਈ ਕਿਸਾਨ ਟਰੈਕਟਰ ਪਰੇਡ ਦੀ ਤਰਜ਼ ’ਤੇ  ਮਾਲੇਰਕੋਟਲਾ ਸ਼ਹਿਰ ਅੰਦਰ ਵੀ ਕਿਸਾਨ ਮਾਰਚ ਕਰ ਕੇ ਦਿੱਲੀ ਕਿਸਾਨ ਮੋਰਚੇ ਨਾਲ ਆਪਣੀ ਇਕਮੁੱਠਤਾ ਪ੍ਰਗਟਾਈ। ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਨਰਿੰਦਰਪਾਲ ਸਿੰਘ, ਪ੍ਰਧਾਨ  ਭਾਈ ਬਹਾਦਰ ਸਿੰਘ ਅਤੇ ਐਡਵੋਕੇਟ ਗੁਰਮੁੱਖ ਸਿੰਘ ਟਿਵਾਣਾ ਆਦਿ ਆਗੂਆਂ ਦੀ ਅਗਵਾਈ ’ਚ ਕਿਸਾਨਾਂ ਨੇ ਟਰੈਕਟਰਾਂ, ਕਾਰਾਂ, ਟੈਂਪੂਆਂ, ਮੋਟਰਸਾਈਕਲ-ਸਕੂਟਰਾਂ ’ਤੇ ਮਾਰਚ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All