ਹੋਸਟਲ ਵਿੱਚ ਸਹੂਲਤਾਂ ਨਾ ਹੋਣ ਵਿਰੁੱਧ ਤਿੱਖੇ ਸੰਘਰਸ਼ ਦੀ ਚਿਤਾਵਨੀ
ਅੱਠ ਮਾਰਚ ਨੂੰ ‘ਕੌਮਾਂਤਰੀ ਮਜ਼ਦੂਰ ਮਹਿਲਾ ਦਿਵਸ’ ਨੂੰ ਸਮਰਪਿਤ ਪੰਜਾਬੀ ਯੂਨੀਵਰਸਿਟੀ ਦੇ ਅੰਬੇਡਕਰ ਹੋਸਟਲ ਵਿੱਚ ਰਾਹੁਲ ਰਵਿੰਦਰਨ ਵੱਲੋਂ ਨਿਰਦੇਸ਼ਤ ਤੇਲੁਗੂ ਫ਼ਿਲਮ ‘ਦਿ ਗਰਲਫਰੈਂਡ’ ਦੀ ਪਰਦਾਪੇਸ਼ੀ ਕੀਤੀ ਗਈ। ਫ਼ਿਲਮ ਦੀ ਮੁੱਖ ਪਾਤਰ ‘ਭੂਮਾ’ ਦੀ ਜ਼ਿੰਦਗੀ ਰਾਹੀਂ ਦਿਖਾਇਆ ਗਿਆ ਕਿ ਕਿਵੇਂ ਅਜੋਕੇ...
ਅੱਠ ਮਾਰਚ ਨੂੰ ‘ਕੌਮਾਂਤਰੀ ਮਜ਼ਦੂਰ ਮਹਿਲਾ ਦਿਵਸ’ ਨੂੰ ਸਮਰਪਿਤ ਪੰਜਾਬੀ ਯੂਨੀਵਰਸਿਟੀ ਦੇ ਅੰਬੇਡਕਰ ਹੋਸਟਲ ਵਿੱਚ ਰਾਹੁਲ ਰਵਿੰਦਰਨ ਵੱਲੋਂ ਨਿਰਦੇਸ਼ਤ ਤੇਲੁਗੂ ਫ਼ਿਲਮ ‘ਦਿ ਗਰਲਫਰੈਂਡ’ ਦੀ ਪਰਦਾਪੇਸ਼ੀ ਕੀਤੀ ਗਈ। ਫ਼ਿਲਮ ਦੀ ਮੁੱਖ ਪਾਤਰ ‘ਭੂਮਾ’ ਦੀ ਜ਼ਿੰਦਗੀ ਰਾਹੀਂ ਦਿਖਾਇਆ ਗਿਆ ਕਿ ਕਿਵੇਂ ਅਜੋਕੇ ਪਿੱਤਰਸੱਤਾਈ ਸਮਾਜ ਵਿੱਚ ਔਰਤਾਂ ਨੂੰ ਸੁਤੰਤਰ ਇਨਸਾਨ ਦੀ ਬਜਾਏ ਪਿਤਾ, ਪਤੀ ਜਾਂ ਪ੍ਰੇਮੀ ਦੀ ‘ਮਾਲਕੀ’ ਵਜੋਂ ਦੇਖਿਆ ਜਾਂਦਾ ਹੈ। ਫ਼ਿਲਮ ਮਗਰੋਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਪੱਖਪਾਤੀ ਰਵੱਈਏ ਅਤੇ ਹੋਸਟਲ ਦੀਆਂ ਮਾੜੀਆਂ ਸਹੂਲਤਾਂ ਵਿਰੁੱਧ ਰੋਸ ਪ੍ਰਗਟਾਇਆ। ਉਨ੍ਹਾਂ ਦੱਸਿਆ ਕਿ ਅੰਬੇਡਕਰ ਹੋਸਟਲ ਦੇ 192 ਕਮਰਿਆਂ ਵਿੱਚ ਰਹਿ ਰਹੀਆਂ 600 ਤੋਂ ਵੱਧ ਲੜਕੀਆਂ ਨੂੰ ਬਾਥਰੂਮਾਂ ਦੀ ਸਫ਼ਾਈ ਅਤੇ ਮੈੱਸ ਦੇ ਖਾਣੇ ਦੀ ਮਾੜੀ ਗੁਣਵਤਾ ਨਾਲ ਜੂਝਣਾ ਪੈ ਰਿਹਾ ਹੈ। ਪ੍ਰਸ਼ਾਸਨ ਵੱਲੋਂ ਲੜਕੀਆਂ ਨੂੰ ਜਾਰੀ ਨੋਟਿਸਾਂ ਅਤੇ ਪਿੱਤਰਸੱਤਾਈ ਫ਼ੁਰਮਾਨਾਂ ਦੀ ਵੀ ਨਿਖੇਧੀ ਕੀਤੀ ਗਈ। ਪੀ ਐੱਸ ਯੂ (ਲਲਕਾਰ) ਦੀ ਸਕੱਤਰ ਦਿਲਪ੍ਰੀਤ ਕੌਰ ਤੇ ਹੋਰ ਆਗੂਆਂ ਨੇ ਕਿਹਾ ਕਿ ਪਿੱਤਰਸੱਤਾ ਵਰਗੀ ਸਮਾਜਿਕ ਬਿਮਾਰੀ ਦਾ ਹੱਲ ਸਿਰਫ਼ ਨਿੱਜੀ ਫੈਸਲਿਆਂ ਵਿੱਚ ਨਹੀਂ, ਸਗੋਂ ਨਿੱਜੀ ਜਾਇਦਾਦ ’ਤੇ ਟਿਕੇ ਇਸ ਸਰਮਾਏਦਾਰਾ ਢਾਂਚੇ ਵਿਰੁੱਧ ਸਾਂਝੇ ਅਤੇ ਜਥੇਬੰਦਕ ਸੰਘਰਸ਼ ਵਿੱਚ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਹੋਸਟਲ ਦੀਆਂ ਦਿੱਕਤਾਂ ਹੱਲ ਨਾ ਕੀਤੀਆਂ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ।

