Voter List Revision: ਬੁਬਲਾਨੀ ਐੱਸ ਆਈ ਆਰ ਸਬੰਧੀ ਰੋਲ ਆਬਜ਼ਰਵਰ ਨਿਯੁਕਤ
ਆਬਜ਼ਰਵਰ ਵੱਲੋਂ ਡੀ ਸੀ ਸਣੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਅਧਿਕਾਰੀਆਂ ਨਾਲ ਪਲੇਠੀ ਬੈਠਕ
ਚੋਣ ਕਮਿਸ਼ਨ ਨੇ ਪਟਿਆਲਾ ਦੇ ਮੰਡਲ ਕਮਿਸ਼ਨਰ ਵਿਨੈ ਬੁਬਲਾਨੀ ਨੂੰ ਸਪੈਸ਼ਲ ਇੰਟੈਸਿਵ ਰਿਵੀਜ਼ਨ ਸਬੰਧੀ ਪਟਿਆਲਾ ਦਾ ਰੋਲ ਆਬਜ਼ਰਵਰ ਨਿਯੁਕਤ ਕੀਤਾ ਹੈ। ਉਨ੍ਹਾਂ ਅੱਜ ਇੱਥੇ ਡੀ ਸੀ ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਸਣੇ ਹੋਰ ਅਧਿਕਾਰੀਆਂ ਤੇ ਨੁਮਾਇੰਦਿਆਂ ਨਾਲ ਮੀਟਿੰਗ ਵੀ ਕੀਤੀ। ਵਿਨੈ ਬੁਬਲਾਨੀ ਨੇ ਕਿਹਾ ਜੇ ਕੋਈ ਵੀ ਯੋਗ ਨਾਗਰਿਕ ਵੋਟਰ ਸੂਚੀ ਤੋਂ ਬਾਹਰ ਰਹਿ ਗਿਆ ਤਾਂ ਫਾਰਮ ਭਰ ਕੇ ਸਣੇ ਲੋੜੀਂਦੇ ਦਸਤਾਵੇਜਾਂ ਦੇ ਆਪਣੇ ਬੀ ਐੱਲ ਓ ਨਾਲ 12 ਸਤੰਬਰ ਤੱਕ ਸੰਪਰਕ ਕਰੇ। ਜ਼ਿਲ੍ਹਾ ਪਟਿਆਲਾ ਦੇ 1861 ਪੋਲਿੰਗ ਸਟੇਸ਼ਨਾਂ ’ਤੇ 6 ਸਤੰਬਰ ਨੂੰ ਕੈਂਪ ਲੱਗਣਗੇ। ਇਸ ਸਬੰਧੀ ਵੋਟਰ ਹੈਲਪਲਾਈਨ ਨੰਬਰ 1950 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਸਾਰੇ ਦਾਅਵਿਆਂ ਤੇ ਇਤਰਾਜ਼ਾਂ ਦਾ 8 ਅਕਤੂਬਰ ਤੱਕ ਨਿਪਟਾਰਾ ਕੀਤਾ ਜਾਵੇਗਾ ਤੇ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ 1 ਅਕਤੂਬਰ ਦੇ ਸੰਦਰਭ ਵਿੱਚ 12 ਅਕਤੂਬਰ ਨੂੰ ਕੀਤੀ ਜਾਵੇਗੀ। ਸਾਰੇ ਨੋਟਿਸਾਂ ਦਾ ਨਿਪਟਾਰਾ 8 ਅਕਤੂਬਰ ਤੱਕ ਕੀਤਾ ਜਾਣਾ ਹੈ।
ਪੋਲਿੰਗ ਸਟੇਸ਼ਨਾਂ ’ਤੇ ਛੇ ਨੂੰ ਵਿਸ਼ੇਸ਼ ਕੈਂਪ ਲੱਗੇਗਾ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ ਸਪੈਸ਼ਲ ਇਨਟੈਂਸ਼ਿਵ ਰਿਵੀਜ਼ਨ (ਐੱਸ ਆਈ ਆਰ) ਦਾ ਕੰਮ ਚੱਲ ਰਿਹਾ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ ਡੀ ਸੀ ਪੂਨਮਦੀਪ ਕੌਰ ਨੇ ਦੱਸਿਆ ਕਿ ਐੱਸ ਆਈ ਆਰ ਦੌਰਾਨ ਆਮ ਜਨਤਾ ਅਤੇ ਵੋਟਰਾਂ ਵੱਲੋਂ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਲਈ ਜ਼ਿਲ੍ਹੇ ਦੇ ਸਮੂਹ 3031 ਪੋਲਿੰਗ ਸਟੇਸ਼ਨਾਂ ’ਤੇ ਬੀ ਐੱਲ ਓਜ਼ ਦੁਆਰਾ 6 ਸਤੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵਿਸ਼ੇਸ਼ ਕੈਂਪ ਲਾਇਆ ਜਾ ਰਿਹਾ ਹੈ। ਉਨ੍ਹਾਂ ਜਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਇੱਕ ਅਕਤੂਬਰ ਦੇ ਆਧਾਰ ’ਤੇ ਜਿਸ ਨਾਗਰਿਕ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ, ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਨ ਲਈ ਫਾਰਮ ਨੰਬਰ 6 ਅਤੇ ਵੋਟਰ ਕਾਰਡ ਵਿੱਚ ਦਰਜ ਵੇਰਵਿਆਂ ਵਿੱਚ ਦਰੁੱਸਤੀ ਕਰਵਾਉਣ ਲਈ ਫਾਰਮ ਨੰਬਰ 8 ਭਰ ਕੇ ਪੋਲਿੰਗ ਬੂਥਾਂ ਤੇ ਮੌਜੂਦ ਬੀ ਐੱਲ ਓਜ਼ ਨੂੰ ਦੇਣ ਲਈ ਇਸ ਕੈਂਪ ਦਾ ਲਾਭ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ ਵੋਟਰ ਹੈਲਪ ਲਾਈਨ ਨੰਬਰ 1950 (ਟੋਲ ਫ੍ਰੀ) ’ਤੇ ਕਾਲ ਕੀਤੀ ਜਾ ਸਕਦੀ ਹੈ।

