Village Development Grants : ਚੀਮਾ ਨੇ 3.75 ਕਰੋੜ ਦੀਆਂ ਗ੍ਰਾਂਟਾਂ ਵੰਡੀਆਂ
ਵਿੱਤ ਮੰਤਰੀ ਨੇ ਅੱਠ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿੰਡਾਂ ਦੇ ਸਰਬਪੱਖੀ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਦਿਆਂ ਅੱਜ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਕੇ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 3 ਕਰੋੜ 75 ਲੱਖ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ। ਇਸ ਦੌਰੇ ਦੌਰਾਨ ਵਿੱਤ ਮੰਤਰੀ ਨੇ ਛਾਜਲੀ, ਉਗਰਾਹਾਂ, ਮੈਦੇਵਾਸ, ਜਖੇਪਲ, ਹੰਬਲਵਾਸ, ਧਾਲੀਵਾਲਵਾਸ, ਦਿੜ੍ਹਬਾ, ਫਲੇੜਾ ਅਤੇ ਖਨਾਲ ਖੁਰਦ ਵਿੱਚ ਪਹੁੰਚ ਕੇ ਪੰਚਾਇਤਾਂ, ਪਤਵੰਤਿਆਂ ਅਤੇ ਪਿੰਡ ਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ। ਉਨ੍ਹਾਂ ਲੋਕਾਂ ਤੋਂ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਫੀਡਬੈਕ ਲੈਣ ਦੇ ਨਾਲ-ਨਾਲ ਸਥਾਨਕ ਪੱਧਰ ਦੀਆਂ ਲੋੜਾਂ ਅਤੇ ਹੋਰ ਵਿਕਾਸ ਕਾਰਜਾਂ ਸਬੰਧੀ ਮੰਗਾਂ ਵੀ ਸੁਣੀਆਂ।
ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਲੋਕਾਂ ਵੱਲੋਂ ਉਠਾਏ ਗਏ ਜਾਇਜ਼ ਮਸਲਿਆਂ ਦੇ ਸਮਾਂਬੱਧ ਹੱਲ ਲਈ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਸ੍ਰੀ ਚੀਮਾ ਨੇ ਦੱਸਿਆ ਕਿ ਪਿੰਡ ਛਾਜਲੀ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ 1 ਕਰੋੜ 17 ਲੱਖ ਰੁਪਏ ਦੀ ਗ੍ਰਾਂਟ, ਦਿੜ੍ਹਬਾ ਲਈ 45 ਲੱਖ ਰੁਪਏ, ਉਗਰਾਹਾਂ ਲਈ 35 ਲੱਖ ਰੁਪਏ, ਜਖੇਪਲ ਲਈ 45 ਲੱਖ ਰੁਪਏ, ਧਾਲੀਵਾਲਵਾਸ ਲਈ 32 ਲੱਖ ਰੁਪਏ, ਹੰਬਲਵਾਸ ਲਈ 40 ਲੱਖ ਰੁਪਏ, ਮੈਦੇਵਾਸ ਲਈ 10 ਲੱਖ ਰੁਪਏ, ਖਨਾਲ ਖੁਰਦ ਲਈ 46 ਲੱਖ ਰੁਪਏ ਅਤੇ ਫਲੇੜਾ ਲਈ 5 ਲੱਖ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਦਿੱਤੀਆਂ ਗਈਆਂ ਹਨ। ਇਸ ਦੌਰਾਨ ਸਬੰਧਤ ਵਿਭਾਗਾਂ ਦੇ ਅਧਿਕਾਰੀ, ਪੰਚਾਇਤੀ ਨੁਮਾਇੰਦੇ, ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।

