ਖੇਤਰੀ ਪ੍ਰਤੀਨਿਧ
ਪਟਿਆਲਾ, 15 ਦਸੰਬਰ
ਪਿਛਲੇ ਢਾਈ ਸਾਲਾਂ ਤੋਂ ਜ਼ਿਲ੍ਹਾ ਕਾਂਗਰਸ (ਦਿਹਾਤੀ) ਪਟਿਆਲਾ ਦੇ ਪ੍ਰਧਾਨ ਚੱਲੇ ਆ ਰਹੇ ਗੁਰਦੀਪ ਸਿੰਘ ਊਂਟਸਰ ਨੂੰ ਮੁੜ ਤੋਂ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ। ਇਹ ਨਿਯੁਕਤੀ ਹਾਲ ਹੀ ’ਚ ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱੱਲੋਂ ਕੀਤੀ ਗਈ ਹੈ। ਘਨੌਰ ਖੇਤਰ ਨਾਲ ਸਬੰਧਿਤ ਊਟਸਰ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਸਮਰਥਕ ਹਨ। ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਦੋ ਦਹਾਕੇ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਰਹਿਣ ਮਗਰੋਂ ਪਿਛਲੇ ਢਾਈ ਸਾਲਾਂ ਗੁਰਦੀਪ ਊਂਟਸਰ ਨੂੰ ਜਲਾਲਪੁਰ ਦੀ ਸਿਫ਼ਾਰਸ਼ ’ਤੇ ਹੀ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਸੀ। ਐਤਕੀਂ ਵੀ ਇਸ ਨਿਯੁਕਤੀ ਲਈ ਜਲਾਲਪੁਰ ਦੀ ਅਹਿਮ ਭੂਮਿਕਾ ਦੱਸੀ ਜਾ ਰਹੀ ਹੈ। ਜਲਾਲਪੁਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕਾਂਗਰਸ ਪ੍ਰ੍ਰਧਾਨ ਨਵਜੋਤ ਸਿੱਧੂ ਦੇ ਵੀ ਕਰੀਬੀ ਹਨ।
ਜ਼ਿਕਰਯੋਗ ਹੈ ਕਿ ਆਪਣੇ ਪਿੰਡ ਊਂਟਸਰ ਦੇ ਸਰਪੰਚ ਰਹੇ ਗੁਰਦੀਪ ਸਿੰਘ ਪਹਿਲਾਂ ਅੱਠ ਸਾਲ ਬਲਾਕ ਕਾਂਗਰਸ ਘਨੌਰ ਦੇ ਪ੍ਰਧਾਨ ਰਹੇ। ਫਿਰ ਲਗਾਤਾਰ ਤਿੰਨ ਸਾਲ ਯੂਥ ਕਾਂਗਰਸ ਲੋਕ ਸਭਾ ਹਲਕਾ ਪਟਿਆਲਾ ਦੇ ਪ੍ਰਧਾਨ ਵੀ ਰਹੇ। ਇਸ ਮਗਰੋਂ ਉਨ੍ਹਾਂ ਨੂੰ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਸੀ ਤੇ ਹੁਣ ਮੁੜ ਉਨ੍ਹਾਂ ਦੇ ਸਿਰ ਹੀ ਪ੍ਰਧਾਨਗੀ ਦਾ ਤਾਜ ਸਜਿਆ ਹੈ।
ਇਸੇ ਦੌਰਾਨ ਊਂਟਸਰ ਦੇ ਨਾਲ਼ ਹੀ ਗੁਰਦੀਪ ਊਂਟਸਰ ਦੇ ਨਾਲ਼ ਹੋਰਨਾਂ ਜ਼ਿਲ੍ਹਿਆਂ ਦੀ ਤਰਾਂ ਹੀ ਦੋ ਜਿਲ੍ਹਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਜਿਲ੍ਹਾ ਪ੍ਰਧਾਨ ਵੀ ਬਣਾਏ ਗਏ ਹਨ ਜਿਨ੍ਹਾਂ ਵਿਚ ਗੁਰਬੀਰ ਸਿੰਘ ਭੁੱਨਰਹੇੜੀ ਅਤੇ ਵਿਜੈ ਗੌਤਮ ਦੇ ਨਾਮ ਸ਼ਾਮਲ ਹਨ।