DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਮੁੱਖ ਮੰਤਰੀ ਨੂੰ ਸਵਾਲ ਕਰਨ ਜਾਂਦੇ ਬੇਰੁਜ਼ਗਾਰ ਹਿਰਾਸਤ ’ਚ ਲਏ

ਸੱਤ ਮਹੀਨਿਆਂ ਤੋਂ ਸੰਗਰੂਰ ’ਚ ਬੇਮਿਆਦੀ ਪੱਕੇ ਮੋਰਚੇ ਦੇ ਬਾਵਜੂਦ ਸੁਣਵਾਈ ਨਾ ਹੋਣ ਤੋਂ ਖ਼ਫ਼ਾ ਨੇ ਮੁਜ਼ਾਹਰਾਕਾਰੀ

  • fb
  • twitter
  • whatsapp
  • whatsapp
featured-img featured-img
ਬੇਰੁਜ਼ਗਾਰਾਂ ਨੂੰ ਜਬਰੀ ਹਿਰਾਸਤ ’ਚ ਲੈਂਦੀ ਹੋਈ ਪੁਲੀਸ।
Advertisement

ਸੰਗਰੂਰ/ਸੁਨਾਮ (ਗੁਰਦੀਪ ਸਿੰਘ ਲਾਲੀ/ਬੀਰਇੰਦਰ ਸਿੰਘ ਬਨਭੌਰੀ): ਸੁਨਾਮ ’ਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਗਏ ਸਮਾਗਮ ’ਚ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਵਾਲ ਕਰਨ ਲਈ ਰੋਸ ਮਾਰਚ ਕਰਦਿਆਂ ਅਨਾਜ ਮੰਡੀ ਵੱਲ ਜਾਂਦੇ ਬੇਰੁਜ਼ਗਾਰਾਂ ਨੂੰ ਪੁਲੀਸ ਨੇ ਆਈ ਟੀ ਆਈ ਚੌਕ ਨੇੜੇ ਜਬਰੀ ਹਿਰਾਸਤ ਵਿੱਚ ਲੈ ਕੇ ਬੱਸਾਂ ਵਿੱਚ ਚੜ੍ਹਾ ਲਿਆ ਅਤੇ ਵੱਖ-ਵੱਖ ਥਾਣਿਆਂ ਵਿੱਚ ਬੰਦ ਕਰ ਦਿੱਤਾ। ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ ਬੇਰੁਜ਼ਗਾਰ ਡੀ ਸੀ ਦਫ਼ਤਰ ਸੰਗਰੂਰ ਅੱਗੇ ਪਿਛਲੇ ਸੱਤ ਮਹੀਨਿਆਂ ਤੋਂ ਪੱਕੇ ਮੋਰਚੇ ’ਤੇ ਬੈਠੇ ਹਨ ਅਤੇ ਸੁਣਵਾਈ ਨਾ ਹੋਣ ਤੋਂ ਖਫ਼ਾ ਹਨ। ਸਮਾਗਮ ਖਤਮ ਉਪਰੰਤ ਥਾਣਿਆਂ ’ਚੋਂ ਰਿਹਾਅ ਕੀਤੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਰਮਨ ਮਲੋਟ ਨੇ ਦੱਸਿਆ ਕਿ ਬੀਤੀ ਰਾਤ ਵੀ ਪੁਲੀਸ ਵੱਲੋਂ ਬੇਰੁਜ਼ਗਾਰ ਆਗੂਆਂ ਦੇ ਘਰਾਂ ਉਪਰ ਛਾਪੇ ਮਾਰੇ ਗਏ ਸਨ ਪਰ ਉਹ ਹੱਥ ਨਹੀਂ ਲੱਗੇ ਸਨ। ਅੱਜ ਮੁੱਖ ਮੰਤਰੀ ਨੂੰ ਸਵਾਲ ਕਰਨ ਜਾਂਦਿਆਂ ਆਈ ਟੀ ਆਈ ਚੌਕ ਨੇੜੇ ਪੁਲੀਸ ਨੇ ਉਨ੍ਹਾਂ ਨੂੰ ਘੜੀਸ-ਘੜੀਸ ਕੇ ਬੱਸਾਂ ਵਿੱਚ ਤੁੰਨ ਦਿੱਤਾ। ਉਨ੍ਹਾਂ ਦੋਵਾਂ ਸਮੇਤ ਸੰਦੀਪ ਸਿੰਘ ਮੋਫ਼ਰ, ਮਨੀਸ਼ ਫਾਜ਼ਿਲਕਾ, ਰਘਵੀਰ ਉਗਰਾਹਾਂ, ਗੁਰਪਿਆਰ ਸਿੰਘ ਸੰਗਰੂਰ ਅਤੇ ਅਮਨਦੀਪ ਸਿੰਘ ਅੜਕਵਾਸ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਸਦਰ ਧੂਰੀ ’ਚ ਬੰਦ ਕਰ ਦਿੱਤਾ ਗਿਆ ਅਤੇ ਦੁਪਹਿਰ ਤਿੰਨ ਵਜੇ ਛੱਡਿਆ ਗਿਆ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੂਬਾ ਪੱਧਰ ’ਤੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਲਲਿਤਾ ਪਟਿਆਲਾ, ਗਗਨਦੀਪ ਕੌਰ ਬਰੇਟਾ, ਪ੍ਰਤਿੰਦਰ ਕੌਰ, ਰੁਪਿੰਦਰ ਸੁਨਾਮ, ਜਸਪਾਲ ਲਹਿਰਾ, ਅਮਨ ਸੇਖਾ, ਰਿੰਕੂ ਝਾੜੋਂ ਅਤੇ ਅਮਨਦੀਪ ਕੌਰ ਮੌਜੂਦ ਸਨ।

ਕੰਪਿਊਟਰ ਅਧਿਆਪਕ ਹਿਰਾਸਤ ’ਚ ਲਏ

ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕਾਂ ਨੂੰ ਅੱਜ ਸੁਨਾਮ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਇਹ ਕੰਪਿਊਟਰ ਅਧਿਆਪਕ ਅੱਜ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਸੁਨਾਮ ਵਿੱਚ ਪਹੁੰਚੇ ਹੋਏ ਸਨ। ਘਿਰਾਓ ਕਰਨ ਤੋਂ ਪਹਿਲਾਂ ਇਹ ਅਧਿਆਪਕ ਮਾਤਾ ਮੋਦੀ ਪਾਰਕ ਵਿੱਚ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਇਕੱਠੇ ਹੋਏ ਅਤੇ ਕੈਬਨਿਟ ਮੰਤਰੀ ਦੀ ਕੋਠੀ ਵੱਲ ਵਹੀਰਾਂ ਘੱਤਣ ਦੀ ਤਿਆਰੀ ਵਿੱਚ ਸਨ ਪਰ ਮੌਕੇ ’ਤੇ ਪਹੁੰਚੀ ਪੁਲੀਸ ਵੱਲੋਂ ਜਥੇਬੰਦੀ ਦੇ ਕਰੀਬ ਦੋ ਦਰਜਨ ਵੀ ਵੱਧ ਅਧਿਆਪਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਸਮੇਂ ਕੰਪਿਊਟਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਹਿਰਾਸਤ ਵਿੱਚ ਲਏ ਗਏ ਕੰਪਿਊਟਰ ਟੀਚਰਜ਼ ਯੂਨੀਅਨ ਦੇ ਅਧਿਆਪਕਾਂ ਨੂੰ ਪੁਲੀਸ ਦੀ ਗੱਡੀ ਵਿੱਚ ਬਿਠਾ ਕੇ ਪੁਲੀਸ ਥਾਣਾ ਚੀਮਾ ਭੇਜ ਦਿੱਤਾ ਗਿਆ।

ਅਧਿਆਪਕ ਥਾਣਿਆਂ ’ਚ ਡੱਕੇ

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੁਨਾਮ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਜਾ ਰਹੇ ਕੰਪਿਊਟਰ ਅਧਿਆਪਕਾਂ ਨੂੰ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਭਵਾਨੀਗੜ੍ਹ, ਮਹਿਲਾਂ, ਸੁਨਾਮ ਆਦਿ ਥਾਣਿਆਂ ’ਚ ਨਜ਼ਰਬੰਦ ਕਰ ਦਿੱਤਾ। ਭਵਾਨੀਗੜ੍ਹ ਥਾਣੇ ਵਿੱਚ 30 ਮਹਿਲਾ ਅਧਿਆਪਕਾਵਾਂ ਸਮੇਤ 100 ਤੋਂ ਵਧੇਰੇ ਅਧਿਆਪਕਾਂ ਨੂੰ ਅੱਜ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਨਜ਼ਰਬੰਦ ਕਰ ਕੇ ਰੱਖਿਆ ਗਿਆ। ਇਸ ਦੌਰਾਨ ਭਵਾਨੀਗੜ੍ਹ ਥਾਣੇ ਵਿੱਚ ਨਜ਼ਰਬੰਦ ਸੈਂਕੜੇ ਕੰਪਿਊਟਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ ਵੱਲੋਂ ਅਧਿਆਪਕਾਂ ਨੂੰ ਹਿਰਾਸਤ ਵਿੱਚ ਰੱਖਣ ਦੀ ਸਖ਼ਤ ਨਿਖੇਧੀ ਕੀਤੀ ਗਈ।

Advertisement
Advertisement
×