Underground Pipeline Project: ਪਾਈਪਲਾਈਨ ਪ੍ਰਾਜੈਕਟ ਦਾ ਉਦਘਾਟਨ
ਕੈਬਨਿਟ ਮੰਤਰੀ ਗੋਇਲ ਵੱਲੋਂ 1988 ਏਕੜ ਰਕਬੇ ਤੱਕ ਨਹਿਰੀ ਪਾਣੀ ਦੀ ਪਹੁੰਚ ਬਣਾਉਣ ਦਾ ਦਾਅਵਾ
ਜਲ ਸਰੋਤ, ਭੂਮੀ ਤੇ ਜਲ ਸੰਭਾਲ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਇੱਥੋਂ ਨੇੜਲੇ ਪਿੰਡ ਰਾਜਲਹੇੜੀ ਵਿੱਚ ਕਰੀਬ 7 ਕਰੋੜ 74 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਪਾਈਪਲਾਈਨ ਪ੍ਰਾਜੈਕਟਾਂ ਨੂੰ ਲੋਕ ਅਰਪਣ ਕੀਤਾ। ਇਸ ਮੌਕੇ ਸ੍ਰੀ ਗੋਇਲ ਨੇ ਕਿਹਾ ਕਿ ਸਰਕਾਰ ਨੇ ਨਹਿਰੀ ਪਾਣੀ ਨੂੰ ਸਿਰਫ਼ ਨਹਿਰਾਂ ਵਿੱਚ ਵਗਦਾ ਦੇਖਣ ਦੀ ਥਾਂ ਉਸ ਨੂੰ ਕਿਸਾਨ ਦੇ ਖੇਤ ਦੀ ਆਖ਼ਰੀ ਟੇਲ ਤੱਕ ਪਹੁੰਚਾਉਣ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਟੇਲ ’ਤੇ ਬੈਠੇ ਕਿਸਾਨ ਦੇ ਖੇਤ ਤੱਕ ਪਾਣੀ ਪਹੁੰਚਣਾ ਹੀ ਅਜਿਹੇ ਪ੍ਰਾਜੈਕਟਾਂ ਦੀ ਅਸਲ ਸਫਲਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨੀ ਨੂੰ ਮਜ਼ਬੂਤ ਕਰਨ ਅਤੇ ਸੂਬੇ ਦੇ ਪਾਣੀ ਦੀ ਸੰਭਾਲ ਲਈ ਇਸ ਦਿਸ਼ਾ ਵਿੱਚ ਕੰਮ ਨੂੰ ਲਗਾਤਾਰ ਅੱਗੇ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਟੇਲ ’ਤੇ ਪਾਣੀ ਦੀ ਧਾਰ ਸਿਰਫ਼ ਖੇਤ ਨੂੰ ਨਹੀਂ ਸਿੰਜਦੀ, ਇਹ ਕਿਸਾਨ ਦੀ ਆਸ ਨੂੰ ਵੀ ਸਿੰਜਦੀ ਹੈ।
ਉਨ੍ਹਾਂ ਦੱਸਿਆ ਕਿ ਹਰੀਗੜ੍ਹ ਬ੍ਰਾਂਚ ਅਧੀਨ ਲਾਂਡਰਾਂ ਰਜਵਾਹੇ ਨਾਲ ਸਬੰਧਤ ਖੇਤਰ ਵਿੱਚ ਕਰੀਬ 42 ਕਿਲੋਮੀਟਰ ਅੰਡਰਗਰਾਊਂਡ ਪਾਈਪ ਲਾਈਨ ਵਿਛਾਈ ਗਈ ਹੈ। ਇਸ ਪ੍ਰਣਾਲੀ ਰਾਹੀਂ ਲਗਪਗ 1988 ਏਕੜ ਰਕਬੇ ਤੱਕ ਨਹਿਰੀ ਪਾਣੀ ਦੀ ਪਹੁੰਚ ਬਣਾਈ ਗਈ ਹੈ। ਰਾਜਲਹੇੜੀ, ਭੂਟੀਆਂ ਹਮੀਰਗੜ੍ਹ, ਬਾਦਲਗੜ੍ਹ ਅਤੇ ਜੋਰਗੜ੍ਹ ਨਾਲ ਸਬੰਧਤ ਪਾਈਪ ਲਾਈਨ ਦੇ ਕੰਮਾਂ ’ਤੇ ਕੁੱਲ 7.74 ਕਰੋੜ ਰੁਪਏ ਖਰਚੇ ਗਏ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਇਲਾਕੇ ਵਿੱਚ ਕਈ ਥਾਵਾਂ ’ਤੇ ਧਰਤੀ ਹੇਠਲਾ ਪਾਣੀ ਖੇਤੀ ਲਈ ਸੁਖਾਵਾਂ ਨਾ ਹੋਣ ਕਾਰਨ ਨਹਿਰੀ ਪਾਣੀ ਦੀ ਅਹਿਮੀਅਤ ਹੋਰ ਵਧ ਜਾਂਦੀ ਹੈ। ਨਹਿਰੀ ਪਾਣੀ ਦੀ ਵਰਤੋਂ ਨਾਲ ਜਿੱਥੇ ਫ਼ਸਲ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਲਾਭ ਮਿਲੇਗਾ, ਉੱਥੇ ਟਿਊਬਵੈੱਲਾਂ ਅਤੇ ਬਿਜਲੀ ’ਤੇ ਨਿਰਭਰਤਾ ਘਟਾਉਣ ਵਿੱਚ ਵੀ ਮਦਦ ਮਿਲੇਗੀ। ਵਿਰੋਧੀ ਧਿਰਾਂ ਦੀ ਆਲੋਚਨਾ ’ਤੇ ਗੋਇਲ ਨੇ ਕਿਹਾ ਕਿ ਅੱਜ ਲੋਕ ਸਿਆਸੀ ਬਿਆਨਾਂ ਨਾਲੋਂ ਆਪਣੀਆਂ ਅੱਖਾਂ ਸਾਹਮਣੇ ਹੋਇਆ ਕੰਮ ਦੇਖ ਕੇ ਰਾਇ ਬਣਾਉਂਦੇ ਹਨ।

