Two students dies in Accident: ਸੜਕ ਹਾਦਸੇ ਵਿੱਚ ਦੋ ਵਿਦਿਆਰਥੀ ਹਲਾਕ
ਸਕੂਲ ਬੱਸ ਦੀ ਮੋਟਰਸਾਈਕਲ ਨੂੰ ਟੱਕਰ ਕਾਰਨ ਹਾਦਸਾ
ਪਿੰਡ ਖਾਨੇਵਾਲ ਨੇੜੇ ਸਕੂਲ ਬੱਸ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮੋਹਿਤ ਕੁਮਾਰ ਅਤੇ ਪ੍ਰਿੰਸ ਕੁਮਾਰ ਵਾਸੀ ਪਿੰਡ ਹਰਿਆਊ ਕਲਾਂ ਵਜੋਂ ਹੋਈ ਹੈ, ਜੋ 12ਵੀਂ ਜਮਾਤ ’ਚ ਪੜ੍ਹਦੇ ਸਨ। ਹਾਦਸੇ ਕਾਰਨ ਰੋਹ ’ਚ ਆਏ ਲੋਕਾਂ ਨੇ ਪਾਤੜਾਂ-ਜਾਖਲ ਰੋਡ ’ਤੇ ਧਰਨਾ ਲਾ ਕੇ ਆਵਾਜਾਈ ਰੋਕ ਦਿੱਤੀ। ਜਾਣਕਾਰੀ ਅਨੁਸਾਰ ਮੋਹਿਤ ਕੁਮਾਰ ਅਤੇ ਪ੍ਰਿੰਸ ਕੁਮਾਰ ਮੋਟਰਸਾਈਕਲ ’ਤੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਬੰਗਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਨ ਜਾ ਰਹੇ ਸਨ ਕਿ ਪਿੰਡ ਹਮੀਰਗੜ੍ਹ ਦੇ ਨਿੱਜੀ ਸਕੂਲ ਦੀ ਬੱਸ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ। ਬੱਸ ਦੋਵਾਂ ਵਿਦਿਆਰਥੀਆਂ ਨੂੰ ਕਰੀਬ 100 ਫੁੱਟ ਤੱਕ ਘੜੀਸਦੀ ਲੈ ਗਈ, ਜਿਸ ਕਾਰਨ ਇੱਕ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂਕਿ ਦੂਜੇ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਸ ਦੌਰਾਨ ਡੀ ਐੱਸ ਪੀ ਪਾਤੜਾਂ ਗੁਰਦੀਪ ਸਿੰਘ ਸੰਧੂ ਅਤੇ ਥਾਣਾ ਮੁਖੀ (ਪਾਤੜਾਂ) ਇੰਸਪੈਕਟਰ ਗਗਨਦੀਪ ਸਿੰਘ ਨੇ ਹਾਦਸੇ ਵਾਲੀ ਜਗ੍ਹਾ ਦਾ ਜਾਇਜ਼ਾ ਲੈਣ ਮਗਰੋਂ ਮ੍ਰਿਤਕਾਂ ਦੇ ਵਾਰਸਾਂ ਨੂੰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ ਪਰ ਪ੍ਰਦਰਸ਼ਨਕਾਰੀ ਬੱਸ ਡਰਾਈਵਰ ਦੇ ਨਾਲ ਸਕੂਲ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ’ਤੇ ਅੜੇ ਰਹੇ। ਬਾਅਦ ਦੁਪਹਿਰ ਥਾਣਾ ਮੁਖੀ ਪਾਤੜਾਂ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਸਕੂਲ ਪ੍ਰਬੰਧਕਾਂ ਤੇ ਬੱਸ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

