ਗੁਰਨਾਮ ਸਿੰਘ ਅਕੀਦਾ
ਪਟਿਆਲਾ, 27 ਨਵੰਬਰ
ਜੰਗਲਾਤ ਕਾਮਿਆਂ ਦੀਆਂ ਦੋ ਜਥੇਬੰਦੀਆਂ ਦਾ ਅੱਜ ਇੱਥੇ ਟਕਰਾਅ ਹੋ ਗਿਆ, ਰੇਂਜ ਦਫ਼ਤਰ ’ਚ ਇਹ ਦੋਵੇਂ ਜਥੇਬੰਦੀਆਂ ਨੇ ਇਕ ਦੂਜੇ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਰੇਂਜ ਦਫ਼ਤਰ ਅੱਜ ਪੂਰੀ ਤਰ੍ਹਾਂ ਗਰਮ ਹੋ ਗਿਆ।
ਨੌਲਖਾ ਜਥੇਬੰਦੀ ਨੇ ਮੰਡੌਲੀ ਜਥੇਬੰਦੀ ਵਿਰੁੱਧ ਭੜਾਸ ਕੱਢੀ ਤੇ ਕਿਹਾ ਕਿ ਮੰਡੌਲੀ ਜਥੇਬੰਦੀ ਉਨ੍ਹਾਂ ਦੇ ਪੁਰਾਣੇ ਵਰਕਰਾਂ ਨੂੰ ਹਟਾ ਕੇ ਆਪਣੇ ਭਰਤੀ ਹੋਏ ਵਰਕਰਾਂ ਨੂੰ ਪੱਕਾ ਕਰਾਉਣਾ ਚਾਹੁੰਦੀ ਹੈ, ਜਦੋਂਕਿ ਮੰਡੌਲੀ ਜਥੇਬੰਦੀ ਨੇ ਕਿਹਾ ਕਿ ਉਹ ਕਦੇ ਵੀ ਕਿਸੇ ਨੂੰ ਬਾਹਰ ਕਢਾਉਣ ਲਈ ਨਹੀਂ ਸਗੋਂ ਨੌਕਰੀਓਂ ਬਰਖ਼ਾਸਤ ਕੀਤੇ ਵਰਕਰਾਂ ਨੂੰ ਰਖਾਉਣ ਲਈ ਲੜਾਈ ਲੜ ਰਹੇ ਹਨ। ਨੌਲਖਾ ਜਥੇਬੰਦੀ ਵੱਲੋਂ ਜਾਰੀ ਬਿਆਨ ਅਨੁਸਾਰ ਅੱਜ ਇੱਥੇ ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਸਬ ਕਮੇਟੀ ਜੰਗਲਾਤ/ਜੰਗਲਾਤ ਨਿਗਮ ਵੱਲੋਂ ਵਣ ਰੇਂਜ ਦਫ਼ਤਰ ਪਟਿਆਲਾ ਅੱਗੇ ਰੈਲੀ ਕੀਤੀ ਗਈ।
ਰੈਲੀ ਇਸ ਲਈ ਕੀਤੀ ਗਈ ਕਿ ਜੰਗਲਾਤ ਵਰਕਰ ਯੂਨੀਅਨ (ਮੰਡੌਲੀ) ਗਰੁੱਪ ਵੱਲੋਂ ਧਰਨਿਆਂ ਦੇ ਦਬਾਅ ਕਰਕੇ, ਰੇਂਜ ਦੇ ਸੀਨੀਅਰ ਡੇਲੀਵੇਜਿਜ਼ ਵਰਕਰਾਂ ਨੂੰ ਬਦਲਾ ਕੇ, ਉਨ੍ਹਾਂ ਦੀ ਥਾਂ ’ਤੇ ਮਨਰੇਗਾ ਵਰਕਰਾਂ ਨੂੰ ਰਖਵਾਉਣ ਦਾ ਵਿਰੋਧ ਯੂਨੀਅਨ ਵੱਲੋਂ ਕੀਤਾ ਗਿਆ। ਰੋਸ ਰੈਲੀ ਦੀ ਅਗਵਾਈ ਜਗਮੋਹਨ ਨੌਲੱਖਾ, ਤਰਲੋਚਨ ਮਾੜੂ, ਤਰਲੋਚਨ ਮੰਡੌਲੀ, ਗੁਰਮੇਲ ਸਿੰਘ ਆਦਿ ਆਗੂਆਂ ਨੇ ਕੀਤੀ। ਦੌਰਾਨ ਮੰਡੌਲੀ ਗਰੁੱਪ ਵੱਲੋਂ ਮਨਰੇਗਾ ਨਾਲ ਸਬੰਧਿਤ ਵਰਕਰਾਂ ਜਿਸ ’ਚ ਗੁਮਰਾਹ ਹੋਈਆਂ ਔਰਤਾਂ ਵੀ ਸ਼ਾਮਲ ਹਨ, ਨੂੰ ਮਸਟਰੋਲ ’ਚ ਹਾਜ਼ਰੀ ਪਾਉਣ ਤੇ ਜਾਅਲੀ ਤਨਖ਼ਾਹਾਂ ਕਲੇਮ ਕਰਨ ਤੇ ਵਰਕਰਾਂ ਸਮੇਤ ਅਧਿਕਾਰੀਆਂ ਨੂੰ ਬਲੈਕਮੇਲ ਕਰਨ ਸਬੰਧੀ ਜਗਮੋਹਨ ਨੋਲੱਖਾ ਨੇ ਕਿਹਾ ਕਿ ਇਸ ਜਥੇਬੰਦੀ ਦਾ ਆਗੂ ਪਹਿਲਾਂ ਰਾਜਪੁਰਾ ਵਣ ਰੇਂਜ ’ਚ ਵਣ ਰੇਂਜ ਅਫ਼ਸਰ ਸਣੇ ਵਰਕਰਾਂ ਨੂੰ ਬਲੈਕਮੇਲ ਕਰ ਚੁੱਕਿਆ ਹੈ ਹੁਣ ਪਟਿਆਲਾ ਰੇਂਜ ’ਚ ਬਲੈਕਮੇਲ ਕਰਨ, ਦਿਹਾੜੀਦਾਰ ਵਰਕਰਾਂ ਨੂੰ ਬਦਲਾਉਣ, ਧਰਨਿਆਂ ਦਾ ਦਬਾਅ ਦੇ ਕੇ ਬੇਲੋੜੀ ਕਾਰਵਾਈ ਕਰ ਰਿਹਾ ਹੈ।
ਰੈਲੀ ਦੌਰਾਨ ਮੰਡੌਲੀ ਗਰੁੱਪ ਦੇ ਸਾਰੇ ਮੈਂਬਰ ਭੱਜ ਗਏ ਤੇ ਰੇਂਜ ਅਫ਼ਸਰ ਨੇ ਮੀਟਿੰਗ ਕਰਕੇ ਉਨ੍ਹਾਂ ਵੱਲੋਂ ਪੇਸ਼ ਕੀਤੀਆਂ ਮੰਗਾਂ, ਵਰਕਰਾਂ ਨੂੰ ਵਰਦੀਆਂ ਦੇਣਾ, ਸਤੰਬਰ ਤੇ ਅਕਤੂਬਰ ਦੀਆਂ ਤਨਖ਼ਾਹਾਂ ਦੇਣਾ, ਕੰਮ ਤੋਂ ਹਟਾਏ ਵਰਕਰ ਕੰਮ ਤੇ ਰੱਖਣਾ, ਸੀਨੀਅਰਤਾ ਸੂਚੀ ਮਨਰੇਗਾ ਦੇ ਵਰਕਰਾਂ ਦਾ ਨਾਂ ਕੱਢ ਕੇ ਡੇਲੀਵੇਜਿਜ਼ ਤੇ ਕੰਮ ਕਰਦੇ ਸਾਰੇ ਵਰਕਰਾਂ ਦਾ ਨਾਂ ਸ਼ਾਮਲ ਕਰਨ ਦਾ ਭਰੋਸਾ ਦੇਣ ’ਤੇ ਰੈਲੀ ਸਮਾਪਤ ਕੀਤੀ ਗਈ।
ਹੇਂਜ ਅਫ਼ਸਰ ਨੇ ਮੰਗਾਂ ਮੰਨੀਆਂ: ਮੰਡੌਲੀ
ਧਰਨੇ ’ਤੇ 40 ਦਿਨਾਂ ਤੋਂ ਬੈਠੀਆਂ 7 ਬੀਬੀਆਂ ਦੀ ਅਗਵਾਈ ਕਰ ਰਹੇ ਪ੍ਰਧਾਨ ਬਲਬੀਰ ਸਿੰਘ ਮੰਡੌਲੀ ਨੇ ਕਿਹਾ ਕਿ ਰੇਂਜ ਅਫ਼ਸਰ ਨੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ ਤੇ ਮੁਅੱਤਲ ਬੀਬੀਆਂ ਬਹਾਲ ਕਰਕੇ ਲੰਗ ਨਰਸਰੀ ’ਚ ਭੇਜ ਦਿੱਤੀਆਂ ਹਨ, ਇਸ ਕਰਕੇ ਉਨ੍ਹਾਂ ਅੱਜ ਆਪਣਾ ਧਰਨਾ ਸਮਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਨੌਲਖਾ ਗਰੁੱਪ ਵੱਲੋਂ ਲਾਹੇ ਦੋਸ਼ ਗ਼ਲਤ ਹਨ ਉਹ ਹਮੇਸ਼ਾ ਮੁਲਾਜ਼ਮਾਂ ਦੇ ਪੱਖ ’ਚ ਲੜਾਈ ਲੜਦੇ ਹਨ।