ਧੂਰੀ(ਨਿਜੀ ਪੱਤਰ ਪ੍ਰੇਰਕ): ਥਾਣਾ ਸਿਟੀ ਧੂਰੀ ਪੁਲੀਸ ਨੇ ਲੁੱਟਾਂ-ਖੋਹਾਂ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਦੀਪਇੰਦਰ ਸਿੰਘ ਜੇਜੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੁਭਾਸ਼ ਚੰਦ ਨਾਮੀ ਵਿਅਕਤੀ ਦੀ ਬੇਟੀ ਪਾਸੋਂ ਕ੍ਰਾਂਤੀ ਚੌਕ ਨੇੜਿਓਂ 10 ਹਜ਼ਾਰ ਰੁਪਏ ਦੀ ਲੁੱਟ-ਖੋਹ ਕਰਨ ਵਾਲੇ ਮੱਲੂਮਾਜਰਾ ਵਾਸੀ ਮੁਲਜ਼ਮ ਹਰਪ੍ਰੀਤ ਸਿੰਘ ਹੈਪੀ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਖੋਹੀ ਹੋਈ ਨਗਦੀ ਬਰਾਮਦ ਕਰ ਲਈ ਗਈ ਹੈ ਅਤੇ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਧੂਰੀ ਦੇ ਸ਼ਿਵਪੁਰੀ ਮੁਹੱਲੇ ਵਿੱਚੋਂ ਲੜਕੀਆਂ ਪਾਸੋਂ ਮੋਬਾਈਲ ਖੋਹਣ ਦੀਆਂ ਦੋ ਵੱਖ-ਵੱਖ ਘਟਨਾਵਾਂ ਵਿੱਚ ਸ਼ਾਮਲ ਅਤੇ ਧੂਰੀ ਦੇ ਇੱਕ ਦੁਕਾਨਦਾਰ ਰਵੀ ਮਿੱਤਲ ਪਾਸੋਂ ਮੋਬਾਈਲ ਖੋਹਣ ਵਾਲੇ ਵਿਅਕਤੀ ਸਪਿੰਦਰ ਸਿੰਘ ਵਾਸੀ ਤੋਤਾਪੁਰੀ ਰੋਡ ਧੂਰੀ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਵੀ ਖੋਹੇ ਗਏ ਮੋਬਾਈਲ ਬਰਾਮਦ ਕਰਵਾ ਲਏ ਗਏ ਹਨ।
ਤਿੰਨ ਪਿਸਤੌਲਾਂ ਸਮੇਤ ਮੁਲਜ਼ਮ ਕਾਬੂ
ਰਾਜਪੁਰਾ (ਪੱਤਰ ਪ੍ਰੇਰਕ): ਥਾਣਾ ਸਦਰ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਤਿੰਨ ਦੇਸੀ ਕੱਟੇ (ਪਿਸਤੌਲ) ਬਰਾਮਦ ਹੋਣ ’ਤੇ ਕਾਬੂ ਕਰ ਲਿਆ। ਥਾਣਾ ਸਦਰ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਸਮੇਤ ਪੁਲੀਸ ਪਾਰਟੀ ਨੇ ਰਾਜਪੁਰਾ-ਸਰਹਿੰਦ ਜੀ.ਟੀ ਰੋਡ ’ਤੇ ਜਸ਼ਨ ਹੋਟਲ ਨੇੜੇ ਨਾਕਾਬੰਦੀ ਦੌਰਾਨ ਜਦੋਂ ਇੱਕ ਸ਼ੱਕੀ ਵਿਅਕਤੀ ਵਿਜੈ ਕੁਮਾਰ ਵਾਸੀ ਪਿੰਡ ਜੈਪੁਰ ਥਾਣਾ ਮਿਸਰੀਤ ਜ਼ਿਲ੍ਹਾ ਸੀਤਾਪੁਰ (ਉਤਰਪ੍ਰਦੇਸ਼) ਨੂੰ ਰੋਕ ਕੇ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਬੈਗ ਵਿੱਚੋਂ ਤਿੰਨ ਦੇਸੀ ਕੱਟੇ (ਪਿਸਤੌਲ) ਬਰਾਮਦ ਹੋਣ ’ਤੇ ਪੁਲੀਸ ਨੇ ਵਿਜੈ ਕੁਮਾਰ ਖਿਲਾਫ ਧਾਰਾ 25/54/59 ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਨ ਉਪਰੰਤ ਅਦਾਲਤ ਵਿੱਚ ਪੇਸ਼ ਕੀਤਾ।