DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੌਮਾਂਤਰੀ ਕਾਨਫਰੰਸ ਦੀ ਅਖੀਰਲੀ ਸ਼ਾਮ ਤ੍ਰੈ-ਭਾਸ਼ੀ ਕਵੀ ਦਰਬਾਰ

ਜਿੰਨਾ ਸਮਾਂ ਧਰਤੀ ’ਤੇ ਕਵਿਤਾ ਰਚੀ ਜਾਵੇਗੀ, ਉੱਨਾ ਚਿਰ ਪੰਜਾਬੀ ਭਾਸ਼ਾ ਜਿਊਂਦੀ ਰਹੇਗੀ: ਜ਼ਫ਼ਰ

  • fb
  • twitter
  • whatsapp
  • whatsapp
featured-img featured-img
ਸ਼ਾਇਰਾਂ ਨੂੰ ਸਨਮਾਨਦੇ ਹੋਏ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਤੇ ਗੁਰਸੇਵਕ ਲੰਬੀ।
Advertisement

ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਕਰਵਾਈ ਗਈ ਤਿੰਨ ਰੋਜ਼ਾ 37ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਦੀ ਅੰਤਲੀ ਦੇਰ ਸ਼ਾਮ ਨੂੰ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ, ਹਿੰਦੀ ਤੇ ਉਰਦੂ ਦੇ ਨਾਮਵਰ ਸ਼ਾਇਰਾਂ ਨੇ ਕਾਵਿ ਛਹਿਬਰ ਲਗਾਈ। ਸਵਾਗਤੀ ਭਾਸ਼ਣ ’ਚ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਜਿੰਨਾ ਸਮਾਂ ਇਸ ਧਰਤੀ ’ਤੇ ਕਵਿਤਾ ਰਚੀ ਜਾਵੇਗੀ, ਉੱਨਾ ਚਿਰ ਪੰਜਾਬੀ ਭਾਸ਼ਾ ਜਿਊਂਦੀ ਰਹੇਗੀ। ਉਨ੍ਹਾਂ ਆਪਣੀਆਂ ਤਿੰਨ ਕਵਿਤਾਵਾਂ ‘ਦੂਜਾ ਪਾਸਾ’ ਰਾਹੀਂ ਦੂਸਰਿਆਂ ਨੂੰ ਸਮਝਣ, ‘ਖ਼ੂਨ ਪਸੀਨਾ ਤੇ ਸਿਆਹੀ’ ਜ਼ਰੀਏ ਮਿਹਨਤ ਦੀ ਕਮਾਈ ਦੀ ਅਹਿਮੀਅਤ ਤੇ ‘ਰੋਣਾ ਨਹੀਂ’ ਰਾਹੀਂ ਪਿਉਂ-ਧੀ ਦੇ ਰਿਸ਼ਤੇ ਦਾ ਖ਼ੂਬਸੂਰਤ ਵਿਖਿਆਨ ਕਰ ਕੇ ਮੁਸ਼ਾਇਰੇ ਨੂੰ ਸੰਜੀਦਗੀ ਦਿੱਤੀ।

ਮੁੱਖ ਪ੍ਰਬੰਧਕ ਤੇ ਪੰਜਾਬੀ ਵਿਕਾਸ ਵਿਭਾਗ ਦੇ ਮੁਖੀ ਡਾ. ਗੁਰਸੇਵਕ ਲੰਬੀ ਨੇ ਤਰੰਨੁਮ ’ਚ ਪੇਸ਼ ਕੀਤੀ ਨਜ਼ਮ ‘ਸੁਫ਼ਨਾ’ ਤੇ ਸਾਹਿਤਕ ਗੀਤ ‘ਦਿਲ ਨੂੰ ਤੂੰ ਦਿਲ ਰੱਖੀਂ’ ਰਾਹੀਂ ਸਭ ਦਾ ਮਨ ਮੋਹ ਲਿਆ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਇਸ ਕਾਨਫ਼ਰੰਸ ਵਿੱਚ ਅਕਾਦਮਿਕ ਬੈਠਕਾਂ ਤੋਂ ਇਲਾਵਾ ਸੰਗੀਤ, ਨਾਟਕ ਤੇ ਸ਼ਾਇਰੀ ਆਧਾਰਤ ਸੱਭਿਆਚਾਰਕ ਸ਼ਾਮਾਂ ਵੀ ਕਰਵਾਈਆਂ ਗਈਆਂ। ਇਸ ਮੌਕੇ ਸ਼ਾਇਰ ਹਰਮੀਤ ਵਿਦਿਆਰਥੀ ਨੇ ਸ਼ਾਇਰਾਨਾ ਤੇ ਮਜ਼ਾਕੀਆ ਅੰਦਾਜ਼ ਰਾਹੀਂ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ। ਉਰਦੂ ਦੇ ਸ਼ਾਇਰ ਮੁਸੱਵਰ ਫ਼ਿਰੋਜ਼ਪੁਰੀ ਨੇ ‘ਖ਼ੁਦਾ ਦੀ ਇਬਾਦਤ ਕਰਦਿਆਂ ‘ਜਾਨੇ ਕਿਆ ਸੁਨਤੇ ਹੋ ਆਪ ਸੰਜੀਦਗੀ ਕੇ ਸਾਥ, ਪੱਥਰ ਕੋ ਖ਼ੁਦਾ ਬਣਾ ਦੀਯਾ ਬੰਦਗੀ ਕੇ ਸਾਥ’ ਸਮੇਤ ਤਿੰਨ ਗਜ਼ਲਾਂ ਰਾਹੀਂ ਮੁਸ਼ਾਇਰੇ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਜਸਪ੍ਰੀਤ ਫਲਕ ਨੇ ਗਜ਼ਲਾਂ ‘ਜ਼ਿੰਦਗੀ ਮੁਸਕਰਾ ਰਹੀ ਹੈ..,’ ਤੇ ‘ਮੈਂ ਵੀ ਧੋਖਾ ਕਰ ਸਕਦੀ ਸੀ’ ਰਾਹੀਂ ਮੁਹੱਬਤ ਤੇ ਵਫ਼ਾਦਾਰੀ ਦਾ ਇਜ਼ਹਾਰ ਕੀਤਾ। ਜੋਗਿੰਦਰ ਨੂਰ ਮੀਤ ਨੇ ਆਪਣੀਆਂ ਨਜ਼ਮਾਂ ‘ਕਮਾਲ ਹੋਵੇ, ‘ਇੱਕ ਹੰਝੂ ਤੋਂ ਭਾਰਾ ਕੁਝ ਨਹੀਂ ਹੁੰਦਾ’ ਪੇਸ਼ ਕੀਤੀਆਂ। ਜਗਜੀਤ ਕਾਫ਼ਰ ਨੇ ਆਪਣੀਆਂ ਰਚਨਾਵਾਂ ਰਾਹੀਂ ਧੀਆਂ ਪ੍ਰਤੀ ਸਨੇਹ ਤੇ ਪਾਕ ਮੁਹੱਬਤ ਦੀ ਗੱਲ ਕੀਤੀ। ਜਤਿੰਦਰ ਪਰਵਾਜ਼ ਨੇ ਨੌਜਵਾਨ ਪੀੜ੍ਹੀ ਦੇ ਮਨਭਾਉਂਦੇ ਸ਼ੇਅਰਾਂ ਰਾਹੀਂ ਵਾਹ-ਵਾਹ ਖੱਟੀ। ਰਮਨ ਸੰਧੂ ਨੇ ਕਟਾਕਸ਼ ਭਰੇ ਸ਼ੇਅਰਾਂ ਰਾਹੀਂ ਰੰਗ ਬੰਨ੍ਹਿਆ। ਉਰਦੂ ਦੇ ਸ਼ਾਇਰ ਪਰਵਿੰਦਰ ਸ਼ੋਖ ਨੇ ਛੋਟੀਆਂ-ਛੋਟੀਆਂ ਨਜ਼ਮਾਂ ਰਾਹੀਂ ਵੱਡੇ ਵਿਅੰਗ ਕੱਸੇ। ਸ਼ਾਇਰਾ ਦੀਪ ਇੰਦਰ ਨੇ ‘ਝਰੀਟ, ‘ਮੁਰਗੀ, ‘ਕੁੱਤੀ ਤੀਵੀਂ’ ਤੇ ‘ਡਰ’ ਆਧਾਰਤ ਰਚਨਾਵਾਂ ਰਾਹੀਂ ਔਰਤਾਂ ਨਾਲ ਹੁੰਦੇ ਵਿਤਕਰੇ ਤੇ ਧੱਕੇਸ਼ਾਹੀਆਂ ’ ਉੱਤੇ ਵਿਅੰਗ ਕਸੇ। ਪ੍ਰੋ. ਰੁਬੀਨਾ ਸ਼ਬਨਮ ਨੇ ਆਪਣੀਆਂ ਨਜ਼ਮਾਂ ਰਾਹੀਂ ਮਾਂ ਬੋਲੀ ਪ੍ਰਤੀ ਲਗਾਓ ਅਤੇ ਔਰਤਾਂ ਦੇ ਇੱਕ ਜੂਨ ’ਚ ਕਈ ਕਈ ਜੂਨਾਂ ਹੰਢਾਅ ਲੈਣ ਵਾਲੀ ਤਸਵੀਰ ਪੇਸ਼ ਕੀਤੀ। ਉਰਦੂ ਸ਼ਾਇਰ ਅਮਰਜੀਤ ਸ਼ੈਦਾ ਨੇ ਸ਼ੇਅਰਾਂ ਨਾਲ ਮੁਸ਼ਾਇਰੇ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ। ਅਮਰਦੀਪ ਅਮਰ ਨੇ ਗਜ਼ਲਾਂ ਰਾਹੀਂ ਖੂਬਸੂਰਤੀ ਅਤੇ ਵਫ਼ਾਦਾਰੀ ਦੀ ਬਾਤ ਪਾਈ। ਗੁਰਤੇਜ ਕੋਹਰਾਵਾਲਾ ਨੇ ਗਜ਼ਲਾਂ ਰਾਹੀਂ ਸਮਾਜਿਕ ਤਾਣੇ-ਬਾਣੇ ’ਤੇ ਵਿਅੰਗ ਕਸੇ। ਇਸ ਮੌਕੇ ਭਾਸ਼ਾ ਵਿਭਾਗ ਦੇ ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ, ਡਾ. ਸੁਰਜੀਤ ਸਿੰਘ, ਡਾ. ਬਲਦੇਵ ਧਾਲੀਵਾਲ, ਖੋਜ ਅਫ਼ਸਰ ਡਾ. ਸੁਖਦਰਸ਼ਨ ਚਹਿਲ, ਖੋਜ ਸਹਾਇਕ ਹਰਪ੍ਰੀਤ ਸਿੰਘ ਤੇ ਹੋਰ ਮੋਹਤਬਰ ਵੀ ਹਾਜ਼ਰ ਸਨ।

Advertisement

Advertisement
Advertisement
×