ਸੜਕ ਹਾਦਸਿਆਂ ਵਿੱਚ ਤਿੰਨ ਹਲਾਕ, ਇਕ ਜ਼ਖ਼ਮੀ : The Tribune India

ਸੜਕ ਹਾਦਸਿਆਂ ਵਿੱਚ ਤਿੰਨ ਹਲਾਕ, ਇਕ ਜ਼ਖ਼ਮੀ

ਸਮਾਣਾ-ਪਾਤੜਾਂ ਸੜਕ ’ਤੇ ਟਰੱਕ ਤੇ ਕਾਰ ਵਿਚਾਲੇ ਟੱਕਰ

ਸੜਕ ਹਾਦਸਿਆਂ ਵਿੱਚ ਤਿੰਨ ਹਲਾਕ, ਇਕ ਜ਼ਖ਼ਮੀ

ਸਮਾਣਾ-ਪਾਤੜਾਂ ਸੜਕ ’ਤੇ ਵਾਪਰੇ ਹਾਦਸੇ ਵਿੱਚ ਨੁਕਸਾਨੀ ਕਾਰ। -ਫੋਟੋ: ਸੁਭਾਸ਼

ਪੱਤਰ ਪ੍ਰੇਰਕ

ਸਮਾਣਾ/ਘੱਗਾ, 8 ਦਸੰਬਰ

ਸਮਾਣਾ-ਪਾਤੜਾਂ ਸੜਕ ’ਤੇ ਪਿੰਡ ਦੇਧਨਾ ਨੇੜੇ ਤੂੜੀ ਨਾਲ ਭਰੇ ਟਰੱਕ ਤੇ ਕਾਰ ਦੀ ਹੋਈ ਭਿਆਨਕ ਟੱਕਰ ਵਿੱਚ ਕਾਰ ਚਾਲਕ ਦੀ ਮੌਤ ਹੋ ਗਈ। ਜਦੋਂ ਕਿ ਟਰੱਕ ਚਾਲਕ ਵਾਹਨ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁਲਦੀਪ ਸਿੰਘ (31) ਪੁੱਤਰ ਮੀਆ ਸਿੰਘ ਵਾਸੀ ਪਿੰਡ ਕਕਰਾਲਾ ਭਾਈਕਾ ਦੁਪਹਿਰ ਬਾਅਦ ਆਪਣੀ ਕਾਰ ਵਿੱਚ ਸਵਾਰ ਹੋ ਕੇ ਜਦੋਂ ਪਿੰਡ ਤੋਂ ਘੱਗਾ ਵੱਲ ਜਾ ਰਿਹਾ ਸੀ, ਤਾਂ ਸਾਹਮਣੇ ਤੋਂ ਤੁੜੀ ਨਾਲ ਭਰੇ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਕੁਲਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਲੋਕਾਂ ਵੱਲੋਂ ਜਦੋਂ ਪਟਿਆਲਾ ਦੇ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਰਸਤੇ ਵਿੱਚ ਹੀ ਉਹ ਦਮ ਤੋੜ ਗਿਆ। ਪੁਲੀਸ ਅਧਿਕਾਰੀ ਅਨੁਸਾਰ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਮਾਣਾ ਦੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਕੇ ਅਣਪਛਾਤੇ ਚਾਲਕ ਖਿਲਾਫ਼ ਕੇਸ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਸੇ ਦੌਰਾਨ ਸ਼ੁਤਰਾਣਾ-ਪਾਤੜਾਂ ਸੜਕ ’ਤੇ ਅਣਪਛਾਤੇ ਵਾਹਨ ਵੱਲੋਂ ਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ ਇਸ ਦੌਰਾਨ ਸਾਈਕਲ ਸਵਾਰ ਦੀ ਮੌਤ ਹੋ ਗਈ ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਸ਼ੁਤਰਾਣਾ ਥਾਣਾ ਦੇ ਬੂਟਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਵੰਤ ਰਾਮ (55) ਪੁੱਤਰ ਬਿਹਾਰੀ ਲਾਲ ਵਾਸੀ ਸ਼ੁਤਰਾਣਾ ਦੇ ਭਰਾ ਜੈਪਾਲ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦਾ ਭਰਾ ਮਜ਼ਦੂਰੀ ਕਰਕੇ ਬੀਤੀ ਸ਼ਾਮ ਜਦੋਂ ਕੰਮ ਤੋਂ ਘਰ ਪਰਤ ਰਿਹਾ ਸੀ ਤਾਂ ਐਚਪੀ ਪੈਟਰੋਲ ਪੰਪ ਦੇ ਨਜ਼ਦੀਕ ਪਹੁੰਚਣ ’ਤੇ ਕਿਸੇ ਅਣਪਛਾਤੇ ਵਾਹਨ ਨੇ ਸਾਈਕਲ ਨੂੰ ਫੇਟ ਮਾਰ ਦਿੱਤੀ। ਸੜਕ ’ਤੇ ਡਿੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ ’ਤੇ ਅਣਪਛਾਤੇ ਵਾਹਨ ਚਾਲਕ ਖਿਲਾਫ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਿ੍ਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।

ਪਾਤੜਾਂ (ਪੱਤਰ ਪ੍ਰੇਰਕ): ਪਿੰਡ ਅਰਨੋਂ ਨੇੜੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਮੌਕੇ ’ਤੇ ਪਹੁੰਚੀ ਪੁਲੀਸ ਨੇ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਕੇਸ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਦੇ ਪਿਤਾ ਸੁਰਜਨ ਸਿੰਘ ਵਾਸੀ ਠੀਕਰੀਵਾਲਾ (ਬਰਨਾਲਾ) ਨੇ ਦੱਸਿਆ ਹੈ ਕਿ ਉਸ ਦਾ ਲੜਕਾ ਪ੍ਰਿੰਸਪਾਲ ਸਿੰਘ ਆਪਣੇ ਫੁੱਫੜ ਦੇ ਭਰਾ ਰਣਜੀਤ ਸਿੰਘ ਵਾਸੀ ਅਰਨੋਂ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਜਦੋਂ ਉਹ ਪਿੰਡ ਅਰਨੋਂ ਦੇ ਨਜ਼ਦੀਕ ਗਏ ਤਾਂ ਅੱਗੋਂ ਤੇਜ਼ ਰਫ਼ਤਾਰ ਗੱਡੀ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਉਸ ਦੇ ਲੜਕੇ ਪ੍ਰਿੰਸਪਾਲ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਰਣਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਮੌਕੇ ’ਤੇ ਪੁੱਜੀ ਪੁਲੀਸ ਨੇ ਗੱਡੀ ਦੇ ਡਰਾਈਵਰ ਸੁਖਚੈਨ ਸਿੰਘ ਖਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All