ਨਗਰ ਨਿਗਮ ਚੋਣਾਂ ਸਬੰਧੀ ਮੀਟਿੰਗ ’ਚ ਵਾਲੰਟੀਅਰਾਂ ਨੇ ਵਿਧਾਇਕ ਘੇਰਿਆ : The Tribune India

ਨਗਰ ਨਿਗਮ ਚੋਣਾਂ ਸਬੰਧੀ ਮੀਟਿੰਗ ’ਚ ਵਾਲੰਟੀਅਰਾਂ ਨੇ ਵਿਧਾਇਕ ਘੇਰਿਆ

ਨਗਰ ਨਿਗਮ ਚੋਣਾਂ ਸਬੰਧੀ ਮੀਟਿੰਗ ’ਚ ਵਾਲੰਟੀਅਰਾਂ ਨੇ ਵਿਧਾਇਕ ਘੇਰਿਆ

ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ, ਆਗੂ ਤੇ ਵਾਲੰਟੀਅਰ।

ਪੱਤਰ ਪ੍ਰੇਰਕ
ਪਟਿਆਲਾ, 9 ਦਸੰਬਰ

ਅਗਾਮੀ ਨਿਗਮ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸ਼ਹਿਰ ਦੇ ਸਮੂਹ ਵਾਲੰਟੀਅਰਾਂ ਤੇ ਆਗੂਆਂ ਨਾਲ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੀਟਿੰਗ ਕੀਤੀ। ਮੀ‌ਟਿੰਗ ਵਿਚ ਉਸ ਵੇਲੇ ਸਥਿਤੀ ਗੰਭੀਰ ਬਣ ਗਈ ਜਦੋਂ ਪਟਿਆਲਾ ਸ਼ਹਿਰ ਵਿਚ ਅਜੇ ਵੀ ਅਫ਼ਸਰਸ਼ਾਹੀ ਦੇ ਰਾਜ ਦੀ ਗੱਲ ਤੁਰ ਪਈ। ਹਾਲਾਂਕਿ ਵਿਧਾਇਕ ਨੇ ਕਿਹਾ ਕਿ ਅਫ਼ਸਰ ਸਰਕਾਰ ਦੇ ਹੁਕਮਾਂ ਨਾਲ ਹੀ ਕੰਮ ਕਰ ਰਹੇ ਹਨ ਪਰ ਵਾਲੰਟੀਅਰਾਂ ਵਿਚ ਪੁਲੀਸ ਦੇ ਕੰਮ ਕਰਨ ਦੇ ਤਰੀਕੇ ਤੋਂ ਨਾਰਾਜ਼ਗੀ ਨਜ਼ਰ ਆਈ।

ਲੰਬਾ ਸਮਾਂ ਕੀਤੀ ਮੀਟਿੰਗ ਵਿਚ ਵਿਧਾਇਕ ਨੇ ਵਾਲੰਟੀਅਰਾਂ ਦੀਆਂ ਸਮੱਸਿਆਵਾਂ ਤੇ ਮੁਸ਼ਕਲਾਂ ਸੁਣੀਆਂ ਅਤੇ ਅਗਾਮੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ। ਦੱਸਣਾ ਬਣਦਾ ਹੈ ਕਿ ਪਟਿਆਲਾ ਨਗਰ ਨਿਗਮ ਅਧੀਨ ਕੁੱਲ 60 ਕੌਂਸਲਰ ਹਨ, ਜਿਨ੍ਹਾਂ ਵਿਚੋਂ 32 ਪਟਿਆਲਾ ਸ਼ਹਿਰੀ, 26 ਪਟਿਆਲਾ ਦਿਹਾਤੀ ਅਤੇ 2 ਕੌਂਸਲਰ ਹਲਕਾ ਸਨੌਰ ਵਿਚ ਪੈਂਦੇ ਹਨ। ਹਾਲਾਂਕਿ ਵਿਧਾਇਕ ਵੱਲੋਂ ਹਰ ਕੰਮ ਕਰਾਉਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਮੀਟਿੰਗ ਵਿਚ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਹਾਜ਼ਰ ਵਾਲੰਟੀਅਰਾਂ ਤੇ ਆਗੂਆਂ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਪਾਰਟੀ ਵੱਲੋਂ ਮੈਦਾਨ ਵਿਚ ਉਤਾਰੇ ਗਏ ਉਮੀਦਵਾਰਾਂ ਦਾ ਸਮਰਥਨ ਕਰਕੇ ਉਨ੍ਹਾਂ ਨੂੰ ਜਿਤਾਇਆ ਜਾਏਗਾ। ਵਿਧਾਇਕ ਨੇ ਵਾਲੰਟੀਅਰਾਂ ਤੇ ਆਗੂਆਂ ਨੂੰ ਕਿਹਾ ਕੇ ਉਹ ਆਪੋ ਆਪਣੇ ਇਲਾਕਿਆਂ ਵਿਚ ਜਾ ਕੇ ਲੋਕਾਂ ਦੇ ਕੰਮ ਕਰਾਉਣ ਤੇ ਕਿਸੇ ਵੀ ਦਫ਼ਤਰ ਅੰਦਰ ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਮੇਰੇ ਨਾਲ ਸੰਪਰਕ ਕਰਨ। ਇਸ ਦੌਰਾਨ ਮੇਘ ਚੰਦ ਸੇਰਮਾਜਰਾ ਚੇਅਰਮੈਨ ਨਗਰ ਸੁਧਾਰ ਟਰੱਸਟ ਪਟਿਆਲਾ, ਤੇਜਿੰਦਰ ਮਹਿਤਾ ਜ਼ਿਲ੍ਹਾ ਪ੍ਰਧਾਨ, ਕੁੰਦਨ ਗੋਗੀਆ, ਜਰਨੈਲ ਮੰਨੂੰ, ਸੰਦੀਪ ਬੰਧੂ ਮੈਂਬਰ ਮੰਦਰ ਮੈਨੇਜਮੈਂਟ ਕਮੇਟੀ, ਕੇਕ ਸਹਿਗਲ ਮੈਂਬਰ ਮੰਦਰ ਮੈਨੇਜਮੈਂਟ ਕਮੇਟੀ, ਕਿਸ਼ਨ ਚੰਦ ਬੁੱਧੂ ਕੌਂਸਲਰ, ਰਾਕੇਸ਼ ਗੁਪਤਾ ਆਗੂ ਵਪਾਰ ਮੰਡਲ ਸਮੇਤ ਵੱਡੀ ਗਿਣਤੀ ਵਿਚ ਵਾਲੰਟੀਅਰ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All