ਖੇਤਰੀ ਪ੍ਰਤੀਨਿਧ
ਪਟਿਆਲਾ, 1 ਅਕਤੂਬਰ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਤੇ ਅਮਰ ਹਸਪਤਾਲ ਦੇ ਸਹਿਯੋਗ ਨਾਲ ਇੱਥੇ ਕ੍ਰਿਸ਼ਨਾ ਕਲੋਨੀ ਦੀ ਧਰਮਸ਼ਾਲਾ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੌਰਾਨ ਵਿਸ਼ੇਸ਼ ਤੌਰ ’ਤੇ ਪੁੱਜੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਸਮੇਤ ਸਿਹਤ ਸਮੱਸਿਆਵਾਂ ਸਬੰਧੀ ਜਾਗਰੂਕ ਕਰਨਾ ਵੀ ਜ਼ਰੂਰੀ ਪਹਿਲੂ ਹੈ। ਕੈਂਪ ਦੌਰਾਨ ਸਿਹਤ ਮੰਤਰੀ ਤੇ ਵਿਧਾਇਕ ਅਜੀਤਪਾਲ ਕੋਹਲੀ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵੀ ਆਪਣੇ ਟੈਸਟ ਕਰਵਾਏ।
ਇਸ ਮੌਕੇ ਸ੍ਰੀ ਜੌੜੇਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। ਅਜਿਹੇ ਕੈਂਪ ਲੋਕਾਂ ਨੂੰ ਘਰਾਂ ਨੇੜੇ ਹੀ ਆਪਣੀ ਸਿਹਤ ਜਾਂਚ ਕਰਵਾਉਣ ਲਈ ਲਾਹੇਵੰਦ ਹੁੰਦੇ ਹਨ। ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ 100 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਜਿਨ੍ਹਾਂ ਦਾ ਵੱਡੀ ਗਿਣਤੀ ਲੋਕ ਲਾਭ ਉਠਾ ਰਹੇ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਦੀ ਦੇਖ ਰੇਖ ਵਿੱਚ ਲਾਏ ਇਸ ਕੈਂਪ ’ਚ ਵਿਸ਼ੇਸ਼ ਤੌਰ ’ਤੇ ਔਰਤਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਸਬੰਧੀ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਕੈਂਪ ਦੌਰਾਨ ਮੁਫ਼ਤ ਡਾਕਟਰੀ ਸਲਾਹ, ਮੁਫ਼ਤ ਕੈਂਸਰ ਸਕਰੀਨਿੰਗ, ਬੀ.ਪੀ. ਚੈੱਕ, ਬਲੱਡ ਸ਼ੂਗਰ, ਹੈਪੇਟਾਈਟਸ ਬੀ ਤੇ ਸੀ ਦੇ ਮੁਫ਼ਤ ਟੈਸਟਾਂ ਸਮੇਤ ਮੁਫ਼ਤ ਬੀ.ਐਮ.ਡੀ. (ਕੈਲਸ਼ੀਅਮ ਟੈਸਟ), ਮੁਫ਼ਤ ਹੀਮੋਗਲੋਬਿਨ ਟੈਸਟ, ਮੁਫ਼ਤ ਸੈਨੇਟਰੀ ਪੈਡਸ, ਲੋੜ ਅਨੁਸਾਰ ਮੁਫ਼ਤ ਦਵਾਈਆਂ, ਕੋਵਿਡ ਟੀਕਾਕਰਨ, ਆਯੂਰਵੈਦਿਕ ਉਪਚਾਰ ਅਤੇ ਸਰਕਾਰ ਦੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ ਹੈ।
ਇਸ ਮੌਕੇ ਸਿਵਲ ਸਰਜਨ ਡਾ. ਰਾਜੂ ਧੀਰ ਨੇ ਦੱਸਿਆ ਕਿ ਕੈਂਪ ਦੌਰਾਨ 472 ਮਰੀਜ਼ਾਂ ਨੇ ਆਪਣੀ ਰਜਿਸਟਰੇਸ਼ਨ ਕਰਵਾਈ ਤੇ 358 ਨੇ ਐਚ.ਬੀ. ਦੀ ਜਾਂਚ ਕਰਵਾਈ ਜਿਸ ਵਿੱਚੋਂ 54 ਵਿੱਚ ਘਾਟ ਪਾਈ ਗਈ। ਇਸੇ ਤਰ੍ਹਾਂ 272 ਨੇ ਬੀ.ਐਮ.ਡੀ. ਟੈਸਟ ਕਰਵਾਏ ਤੇ 13 ਮਰੀਜ਼ਾਂ ਵਿੱਚ ਘਾਟ ਪਾਈ ਗਈ। 315 ਮਰੀਜ਼ਾਂ ਵੱਲੋਂ ਆਰ.ਬੀ.ਐਸ. ਟੈਸਟ ਕਰਵਾਇਆ ਗਿਆ।