ਖੇਤਰੀ ਪ੍ਰਤੀਨਿਧ
ਪਟਿਆਲਾ, 18 ਅਕਤੂਬਰ
ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਤੇ ਟੀਮ ਵੱਲੋਂ ਇੱਕ ਅਜਿਹੇ ਗਰੋਹ ਦੇ ਛੇ ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ, ਜੋ ਰਾਤ ਨੂੰ ਰਾਹਗੀਰਾਂ ਕੋਲੋਂ ਲੁੱਟਾਂ-ਖੋਹਾਂ ਕਰਦਾ ਆ ਰਿਹਾ ਸੀ। ਛੇ ਅਕਤੂਬਰ ਦੀ ਰਾਤ ਨੂੰ ਇਲਾਕੇ ਦੇ ਪਿੰਡ ਸੁੱਧੇਵਾਲ਼ ਨੇੜੇ ਵਾਪਰੀ ਇੱਕ ਫੈਕਟਰੀ ਮੁਲਾਜ਼ਮ ਦੇ ਕਤਲ ਦੀ ਵਾਰਦਾਤ ਨੂੰ ਵੀ ਇਸੇ ਗਰੋਹ ਨੇ ਅੰਜਾਮ ਦਿੱਤਾ ਸੀ। ਪੁੱਛ-ਗਿੱਛ ਦੌਰਾਨ ਸਾਹਮਣੇ ਆਏ ਹੋਰ ਤੱਥਾ ਮੁਤਾਬਿਕ ਇਸ ਗਰੋਹ ਦੇ ਮੈਂਬਰ ਬੁਲੇਟ ਮੋਟਰਸਾਈਕਲਾਂ ਦਾ ਸ਼ੌਕ ਰੱਖਦੇ ਹਨ ਤੇ ਫੈਕਟਰੀ ਵਿਚੋਂ ਡਿਊਟੀ ਮਗਰੋਂ ਘਰ ਪਰਤ ਰਹੇ ਸੁਖਚੈਨ ਦਾਸ ਦੀ ਮੌਤ ਦਾ ਕਾਰਨ ਵੀ ਉਸ ਦਾ ਬੁਲਟ ਮੋਟਰਸਾਈਕਲ ਹੀ ਬਣਿਆ ਕਿਉਂਕਿ ਬੁਲੇਟ ਖੋਹਣ ਲਈ ਹੀ ਘਾਤ ਲਗਾ ਕੇ ਬੈਠੇ ਗਰੋਹ ਦੇ ਮੈਂਬਰਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਦੋਂ ਮਸਾਂ ਅਜੇ ਰਾਤ ਦੇ ਨੌਂ ਹੀ ਵੱਜੇ ਸਨ।
ਇਹ ਜਾਣਕਾਰੀ ਪਟਿਆਲਾ ਦੇ ਨਵੇਂ ਆਏ ਐੱਸਐੱਸਪੀ ਹਰਚਰਨ ਸਿੰਘ ਭੁੱਲਰ ਨੇ ਅੱਜ ਇਥੇ ਕੀਤੀ ਪਲੇਠੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਗੁੱਝਾ ਭੇਤ ਬਣੇ ਫੈਕਟਰੀ ਵਰਕਰ ਦੇ ਕਤਲ ਮਾਮਲੇ ਦੀ ਜਾਂਚ ਲਈ ਐਸ.ਪੀ. (ਡੀ) ਡਾ. ਮਹਿਤਾਬ ਸਿੰਘ ਦੀ ਅਗਵਾਈ ਹੇਠ ਡੀ.ਐਸ.ਪੀ. (ਡੀ) ਮੋਹਿਤ ਅਗਰਵਾਲ ਤੇ ਡੀ.ਐਸ.ਪੀ. (ਨਾਭਾ) ਰਜੇਸ਼ ਛਿੱਬੜ ਦੀ ਨਿਗਰਾਨੀ ਅਤੇ ਸੀਆਈਏ ਪਟਿਆਲਾ ਦੇ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ ਜਿਸ ਵੱਲੋਂ ਵੱਖ ਵੱਖ ਪਹਿਲੂਆਂ ਦੇ ਆਧਾਰ ’ਤੇ ਕੀਤੀ ਗਈ ਜਾਂਚ ਦੌਰਾਨ ਹੀ ਪਟਿਆਲਾ ਨੇੜੇ ਸਥਿਤ ਦੱਖਣੀ ਬਾਈਪਾਸ ਵਾਲ਼ੇ ਪਸਿਆਣਾ ਪੁਲ ਦੇ ਹੇਠੋਂ ਛੇ ਮੈਂਬਰੀ ਇਸ ਗਰੋਹ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਟੀਮ ਨੇ ਉਸ ਵੇਲ਼ੇ ਦਬੋਚਿਆ,ਜਦੋਂ ਉਹ ਲੁੱਟ-ਖੋਹ ਦੀ ਅਗਲੀ ਵਾਰਦਾਤ ਦੀ ਵਿਉਂਤਬੰਦੀ ਕਰ ਰਹੇ ਹਨ।
ਗਰੋਹ ਦੇ ਮੈਂਬਰਾਂ ਦੀ ਪਛਾਣ ਕਮਲਪ੍ਰੀਤ ਕਮਲ ਤੇ ਅੰਗਰੇਜ ਗੇਜੀ ਵਾਸੀਅਨ ਰਾਜਗੜ੍ਹ, ਮਹਿੰਗਾ ਸਿੰਘ ਵਾਸੀ ਪਿੰਡ ਵਜੀਦਪੁਰ, ਰਵਿੰਦਰ ਸਿੰਘ ਹੈਰੀ ਅਤੇ ਮਨਪ੍ਰੀਤ ਬਾਵਾ ਵਾਸੀਅਨ ਪਿੰਡ ਅਲੋਹਰਾ ਕਲਾਂ ਅਤੇ ਜਗਸੀਰ ਜੱਗੀ ਵਾਸੀ ਪਿੰਡ ਬੌੜਾਂ ਕਲਾਂ ਵਜੋਂ ਹੋਈ ਹੈ। ਪਰ ਫੈਕਟਰੀ ਵਰਕਰ ਦਾ ਕਤਲ ਮਹਿੰਗਾ ਸਿੰਘ, ਕਮਲਪ੍ਰੀਤ ਕਮਲ ਤੇ ਰਵਿੰਦਰ ਹੈਰੀ ਨੇ ਹੀ ਕੀਤਾ। ਉਧਰ ਇੰਸਪੈਕਟਰ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦਾ 5 ਦਿਨਾਂ ਦਾ ਰਿਮਾਂਡ ਮਿਲਿਆ ਹੈ।