ਗੁਰਨਾਮ ਸਿੰਘ ਚੌਹਾਨ
ਪਾਤੜਾਂ, 6 ਸਤੰਬਰ
ਪਾਤੜਾਂ ਪੁਲੀਸ ਨੇ ਦੋ ਨਸ਼ਾ ਤਸਕਰਾਂ ਦੀ ਲੱਖਾਂ ਰੁਪਏ ਦੀ ਜਾਇਦਾਦ ਕੇਸ ਨਾਲ ਅਟੈਚ ਕੀਤੀ ਹੈ। ਡੀਐੱਸਪੀ ਪਾਤੜਾਂ ਦਲਜੀਤ ਸਿੰਘ ਵਿਰਕ ਅਤੇ ਥਾਣਾ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਦੀ ਅਗਵਾਈ ਵਿੱਚ ਪੁਲੀਸ ਨੇ ਸ਼ਹਿਰ ਦੇ ਚੁਨਾਗਰਾ ਰੋਡ ਅਤੇ ਪਿੰਡ ਢਾਬੀਗੁੱਜਰਾਂ ਵਿਖੇ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਜੇਲ੍ਹ ਵਿੱਚ ਬੰਦ ਦੋ ਵਿਅਕਤੀਆਂ ਦੇ ਘਰਾਂ ਅੱਗੇ ਜਾਇਦਾਦ ਜ਼ਬਤ ਕਰਨ ਦੇ ਨੋਟਿਸ ਚਿਪਕਾ ਦਿੱਤੇ ਹਨ।
ਡੀਐੱਸਪੀ ਪਾਤੜਾਂ ਦਲਜੀਤ ਸਿੰਘ ਵਿਰਕ ਨੇ ਦੱਸਿਆ ਕਿ ਸ਼ਹਿਰ ਦੇ ਨਗਰਾਂ ਰੋਡ ਵਾਸੀ ਵਿਮਲ ਕੁਮਾਰ ਦੀ ਰਿਹਾਇਸ਼ੀ ਕੋਠੀ, ਦੋ ਪਲਾਟ ਅਤੇ ਸਕੂਟੀ ਅਤੇ ਪਿੰਡ ਢਾਬੀਗੁੱਜਰਾਂ ਦੇ ਅਸ਼ੋਕ ਕੁਮਾਰ ਦਾ ਰਿਹਾਇਸ਼ੀ ਮਕਾਨ, ਇੱਕ ਪਲਾਟ ਅਤੇ ਦੋ ਪਹੀਆ ਵਾਹਨ ਨੂੰ ਕੇਸਾਂ ਨਾਲ ਅਟੈਚ ਕਰਕੇ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਜਾਂ ਉਨ੍ਹਾਂ ਦਾ ਪਰਿਵਾਰ ਇਹ ਜਾਇਦਾਦ ਵੇਚ ਨਾ ਸਕੇ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਹੈ ਕਿ ਇਸਦੀ ਸੂਚਨਾ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਕਿ ਇਲਾਕੇ ਵਿੱਚ ਕਿਸੇ ਵੀ ਕਿਸਮ ਦੀ ਨਸ਼ਾ ਤਸਕਰੀ ਕਰਨ ਵਾਲੇ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਦੇ ਆਦੀ ਵਿਅਕਤੀ ਦਾ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਕਰਵਾਉਣ ਦੀ ਸੁਵਿਧਾ ਮੁਹੱਈਆ ਕਰਵਾਉਣ ਦੇ ਨਾਲ ਨਾਲ ਪੁਲੀਸ ਵੱਲੋਂ ਪਿੰਡਾਂ ਵਿੱਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੋਹਾਂ ਨਸ਼ਾ ਤਸਕਰਾਂ ਦੀ ਜਾਇਦਾਦ ਅਟੈਚ ਕੀਤੀ ਗਈ ਹੈ ਇਹ ਦੋਵੇਂ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਜੇਲ੍ਹ ਵਿੱਚ ਬੰਦ ਹਨ। ਸ਼ਹਿਰ ਦੇ ਚੁਨਾਗਰਾ ਰੋਡ ਵਾਸੀ ਵਿਮਲ ਕੁਮਾਰ ਖ਼ਿਲਾਫ਼ 14 ਤੇ ਢਾਬੀਗੁੱਜਰਾਂ ਦੇ ਅਸ਼ੋਕ ਕੁਮਾਰ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਅੱਠ ਕੇਸ ਦਰਜ ਹਨ।