ਪਟਿਆਲਾ ਬਲਾਕ ਦੇ ਪਿੰਡ ਬਠੋਈ ਵਿੱਚ ਸ਼ਾਮਲਾਟ ਜਮੀਨ ਦੇ ਕਬਜ਼ੇ ਲਈ ਪਿਛਲੇ ਸਮੇਂ ਤੋਂ ਜਾਰੀ ਵਿਵਾਦ ਅੱਜ ਵੀ ਹੱਲ ਨਾ ਹੋ ਸਕਿਆ। ਇੱਥੇ ਜਨਰਲ ਅਤੇ ਐੱਸ ਸੀ ਭਾਈਚਾਰੇ ਸ਼ਾਮਲਾਟ ਜ਼ਮੀਨ ਦੇ ਕਬਜ਼ੇ ਦਾ ਵਿਵਾਦ ਅਦਾਲਤ ਪਹੁੰਚ ਗਿਆ ਸੀ। ਅਦਾਲਤ ਨੇ ਐੱਸ ਸੀ ਭਾਈਚਾਰੇ ਦੇ ਸਬੰਧਿਤ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਹਿੱਸੇ ਦੀ ਬਣਦੀ ਸ਼ਾਮਲਾਟ ਜ਼ਮੀਨ ਦਾ ਕਬਜ਼ਾ ਦਿਵਾਉਣ ਦੀ ਤਾਕੀਦ ਕੀਤੀ ਸੀ, ਜਿਸ ਤਹਿਤ ਅੱਜ ਪ੍ਰਸ਼ਾਸਨਿਕ ਅਧਿਕਾਰੀ ਪੁਲੀਸ ਫੋਰਸ ਨਾਲ ਪਿੰਡ ਪੁੱਜੇ ਪਰ ਜਨਰਲ ਵਰਗ ਦੇ ਵਿਰੋਧ ਕਾਰਨ ਕਬਜ਼ਾ ਕਾਰਵਾਈ ਨੇਪਰੇ ਨਾ ਚੜ੍ਹ ਸਕੀ, ਜਿਨ੍ਹਾਂ ਦੇ ਹੱਕ ’ਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਆਗੂ ਵੀ ਪੁੱਜੇ ਹੋਏ ਸਨ। ਵਿਰੋਧ ਮਗਰੋਂ ਬਿਨਾਂ ਕਿਸੇ ਸਿੱਟੇ ’ਤੇ ਪੁੱਜਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਬੇਰੰਗ ਪਰਤ ਆਈ। ਇਸ ਮੌਕੇ ਕਿਸਾਨ ਬੀਬੀਆਂ ਵੱਲੋਂ ਅਧਿਕਾਰੀ ਦੀ ਗੱਡੀ ਦਾ ਘਿਰਾਓ ਵੀ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਬਠੋਈ ਕਲਾਂ ਵਿਚਲੀ 98 ਏਕੜ ਸ਼ਾਮਲਾਟ ਜ਼ਮੀਨ ’ਤੇ ਪਿੰਡ ਦੇ ਹੀ ਵੱਖ ਵੱਖ ਵਸਨੀਕ 50/60 ਸਾਲਾਂ ਤੋਂ ਕਾਬਜ਼ ਹਨ।
ਦੂਜੇ ਪਾਸੇ ਪਿੰਡ ਦੇ ਹੀ ਐੱਸ ਸੀ ਭਾਈਚਾਰੇ ਨਾਲ ਸਬੰਧਿਤ ਪਰਿਵਾਰਾਂ ਵੱਲੋਂ ਬਣਦੇ ਨਿਯਮਾਂ ਤਹਿਤ ਪੰਚਾਇਤੀ ਜ਼ਮੀਨ ਵਿੱਚੋਂ ਕਾਸ਼ਤ ਕਰਨ ਲਈ ਬਣਦੇ ਹਿੱਸੇ ਦੀ ਜ਼ਮੀਨ ਦੇਣ ਦੀ ਮੰਗ ਕੀਤੀ ਜਾ ਰਹੀ ਹੈ।
ਐੱਸ ਸੀ ਭਾਈਚਾਰੇ ਦੇ ਮੈਂਬਰਾਂ ਮੁਤਾਬਕ 4 ਜੂਨ, 2025 ਨੂੰ ਬੀ ਡੀ ਪੀ ਓ ਦਫ਼ਤਰ ਪਟਿਆਲਾ ਵਿੱਚ ਹੋਈ ਨਿਲਾਮੀ ਦੌਰਾਨ ਉਨ੍ਹਾਂ ਵੱਲੋਂ ਆਪਣੇ ਹਿੱਸੇ ਦੀ ਜ਼ਮੀਨ ਚਕੋਤੇ ’ਤੇ ਲੈਣ ਲਈ ਬਣਦੀ ਫੀਸ ਵਜੋਂ 12 ਲੱਖ ਰੁਪਏ ਦੀ ਅਦਾਇਗੀ ਵੀ ਕੀਤੀ ਗਈ ਪਰ ਉਨ੍ਹਾਂ ਨੂੰ ਕਬਜ਼ਾ ਅਜੇ ਤੱਕ ਵੀ ਨਹੀਂ ਮਿਲਿਆ।
ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਬੀ ਡੀ ਪੀ ਓ ਪਟਿਆਲਾ ਨੂੰ ਕਬਜ਼ਾ ਦਿਵਾਉਣ ਲਈ ਆਖਿਆ ਹੋਇਆ ਹੈ ਪਰ ਪ੍ਰਸ਼ਾਸਨ ਅੱਜ ਵੀ ਉਨ੍ਹਾਂ ਨੂੰ ਕਬਜ਼ਾ ਨਹੀਂ ਦਿਵਾ ਸਕਿਆ। ਉਧਰ ਸੰਪਰਕ ਕਰਨ ’ਤੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਹ ਅਦਾਲਤੀ ਹੁਕਮਾਂ ਨੂੰ ਲਾਗੂ ਕਰਨ ਲਈ ਯਤਨ ਕਰ ਰਹੇ ਹਨ, ਜੇ ਅੱਜ ਨਹੀਂ ਹੋ ਸਕਿਆ ਤਾਂ ਅਗਲੇ ਦਿਨੀਂ ਇਸ ਕਾਰਵਾਈ ਨੂੰ ਅਮਲੀ ਜਾਮਾ ਜ਼ਰੂਰ ਪਹਿਨਾਇਆ ਜਾਵੇਗਾ।

