ਖੇਤਰੀ ਪ੍ਰਤੀਨਿਧ
ਪਟਿਆਲਾ, 24 ਸਤੰਬਰ
ਥਾਣਾ ਕੋਤਵਾਲੀ ਪਟਿਆਲਾ ਦੇ ਐੱਸ.ਐੱਚ.ਓ. ਇੰਸਪੈਕਟਰ ਸੁਖਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠਲੀਆਂ ਪੁਲੀਸ ਟੀਮਾਂ ਨੇ ਕੁਝ ਦਿਨਾਂ ’ਚ ਹੀ ਨਸ਼ਾ ਤਸਕਰੀ ਦੇ ਛੇ ਕੇਸ ਦਰਜ ਕਰ ਕੇ ਕਈ ਮੁਲ਼ਜ਼ਮਾਂ ਨੂੰ ਕਾਬੂ ਕੀਤਾ ਹੈ ਅਤੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਵੱਡੀ ਮਾਤਰਾ ’ਚ ਨਸ਼ੀਲੀਆਂ ਗੋਲ਼ੀਆਂ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇਸ ਦੌਰਾਨ ਹੀ ਪੁਲੀਸ ਵੱਲੋਂ ਦੋ ਅਦਾਲਤੀ ਭਗੌੜਿਆਂ ਨੂੰ ਵੀ ਕਾਬੁ ਕੀਤਾ ਗਿਆ ਹੈ। ਡੀਐੱਸਪੀ ਸਿਟੀ -1 ਸੰਜੀਵ ਸਿੰਗਲਾ ਨੇ ਦੱਸਿਆ ਕਿ ਇਹ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਐਸਐਸਪੀ ਵਰੁਣ ਸ਼ਰਮਾ ਅਤੇ ਐਸਪੀ ਸਿਟੀ ਸਰਫਰਾਜ ਆਲਮ ਦੇ ਵਿਸ਼ੇਸ਼ ਆਦੇਸ਼ਾਂ ’ਤੇ ਨਸ਼ਾ ਤਸਕਰਾਂ ਦੇ ਖਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਦਾ ਸਿੱਟਾ ਹੈ। ਇਸ ਤੋਂ ਇਲਾਵਾ ਥਾਣਾ ਮੁਖੀ ਸੁਖਵਿੰਦਰ ਗਿੱਲ ਦੀ ਅਗਵਾਈ ਹੇਠਾਂ ਕੋਤਵਾਲੀ ਅਧੀਨ ਆਉਂਦੇ ਖੇਤਰ ’ਚ ਕਈ ਥਾਈਂ ਸੈਮੀਨਾਰ ਅਤੇ ਜਾਗਰੂਕਤਾ ਕੈਂਪ ਵੀ ਲਾਏ ਜਾ ਚੁੱਕੇ ਹਨ। ਸਮਾਗਮਾਂ ਨੂੰ ਸੰਬੋਧਨ ਕਰਦਿਆਂ ਡੀਐੱਸਪੀ ਸੰਜੀਵ ਸਿੰਗਲਾ ਨੇ ਲੋਕਾਂ ਨੂੰ ਨਸ਼ਾ ਤਸਕਰਾਂ ਬਾਰੇ ਤੁਰੰਤ ਪੁਲੀਸ ਨੂੰ ਇਤਲਾਹ ਦੇਣ ਦੀ ਅਪੀਲ ਕਰਦਿਆਂ, ਆਪਣੇ ਅਤੇ ਆਪਣੇ ਥਾਣਾ ਮੁਖੀਆਂ ਸਮੇਤ ਹੋਰ ਪੁਲੀਸ ਦਫਤਰਾਂ ਦੇ ਫੋਨ ਨੰਬਰ ਵੀ ਲੋਕਾਂ ਦੇ ਨਾਲ਼ ਸਾਂਝੇ ਕੀਤੇ। ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹੀ ਇਤਲਾਹ ਦੇਣ ਵਾਲ਼ੇ ਦਾ ਨਾਮ ਪਤਾ ਪੂਰੀ ਤਰਾਂ ਗੁਪਤ ਰੱਖਿਆ ਜਾਵੇਗਾ।