ਮੁਰਝਾ ਕੇ ਡਿੱਗਣ ਵਾਲਾ ਹੈ ਭਗੌੜੇ ਦਲ ਦਾ ਬੂਟਾ: ਹਰਪ੍ਰੀਤ ਸਿੰਘ
ਅਕਾਲੀ ਦਲ (ਪੁਨਰ ਸੁਰਜੀਤ) ਦੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਗੌੜੇ ਦਲ ਦਾ ਦਰੱਖ਼ਤਨੁਮਾ ਬੂਟਾ ਮੁਰਝਾ ਚੁੱਕਾ ਹੈ ਅਤੇ ਗੁਰੂ ਹਰਿਗੋਬਿੰਦ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਪੁਨਰ ਸੁਰਜੀਤ ਹੋਇਆ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਬੂਟਾ ਜਲਦੀ ਹੀ ਅਕਾਲੀ ਵਰਕਰਾਂ ਨੂੰ ਛਾਂ ਅਤੇ ਫ਼ਲ ਦੇਵੇਗਾ। ਉਹ ਇੱਥੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਦੀ ਅਗਵਾਈ ਹੇਠ ਹੋਈ ਰੈਲੀਨੁਮਾ ਮੀਟਿੰਗ ’ਚ ਸੰਬੋਧਨ ਕਰ ਰਹੇ ਸਨ। ਮੀਟਿੰਗ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਅਤੇ ਹਰਿੰਦਰਪਾਲ ਚੰਦੂਮਾਜਰਾ ਸਮੇਤ ਕਈ ਹੋਰ ਪ੍ਰਮੁੱਖ ਆਗੂ ਮੌਜੂਦ ਸਨ।
ਇਸ ਮੌਕੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੁਰਝਾ ਚੁੱਕਾ ਬੂਟਾ ਡਿੱਗਣ ਕਿਨਾਰੇ ਹੈ, ਕਿਉਂਕਿ ਉਨ੍ਹਾਂ ਦੇ ਭਗੌੜੇ ਪ੍ਰਧਾਨ ਨੇ ਕੁਰਬਾਨੀਆਂ ਵਾਲੀ ਪਾਰਟੀ ਨੂੰ ਕਾਰਪੋਰੇਟ ਪਾਰਟੀ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਦਕੀ ਅਤੇ ਮਰਜੀਵੜੇ ਯੋਧਿਆਂ ਕਰਕੇ ਹੀ ਇਸ ਦੀ ਪਛਾਣ ਸੀ, ਪਰ ਮਾਰੂ ਤੇਆਪਹੁਦਰੇ ਫ਼ੈਸਲਿਆਂ ਨੇ ਇਸ ਨੂੰ ਕਾਫ਼ੀ ਢਾਹ ਲਾਈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਅਤੇ ਕਾਨੂੰਨ ਵਿਵਸਥਾ ਦਾ ਮਾੜਾ ਹਾਲ ਹੈ।
ਇਸ ਦੌਰਾਨ ਸਾਬਕਾ ਮੰਤਰੀ ਸੁਰਜੀਤ ਰੱਖੜਾ ਨੇ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਬੰਬ ਧਮਾਕਿਆਂ ਸਬੰਧੀ ਦਿੱਤੇ ਬਿਆਨ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ। ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਮਹਿੰਦਰ ਸਿੰਘ ਸੋਢੀ ਅਤੇ ਦਫ਼ਤਰ ਸਕੱਤਰ ਜਗਜੀਤ ਸਿੰਘ ਕੋਹਲੀ ਨੇ ਨਿਭਾਈ। ਇਸ ਮੌਕੇ ਹਰਿੰਦਰਪਾਲ ਟੌਹੜਾ, ਸੁਖਬੀਰ ਅਬਲੋਵਾਲ, ਹਰੀ ਸਿੰਘ ਪ੍ਰੀਤ ਕੰਬਾਈਨ, ਕਰਨ ਸਿੰਘ ਡੀ ਟੀ ਓ, ਭੁਪਿੰਦਰ ਸੇਖੂਪੁਰ, ਸੁਖਵਿੰਦਰ ਰਾਜਲਾ, ਕੁਲਵਿੰਦਰ ਲਵਲੀ, ਰਵਿੰਦਰ ਸ਼ਾਹਪੁਰ, ਜਸਪਾਲ ਕਲਿਆਣ, ਪਰਮਿੰਦਰ ਗਿੱਲ, ਪ੍ਰਿੰਸੀਪਲ ਮੋਹਨ ਲਾਲ, ਜਸਵਿੰਦਰਪਾਲ ਚੱਢਾ, ਮਲਕੀਤ ਡਕਾਲਾ, ਜਗਰੂਪ ਫਤਹਿਪੁਰ, ਪ੍ਰਗਟ ਬੋਲੜ, ਬਲਿਹਾਰ ਹਰਿਆਊ, ਅਬਰਿੰਦਰ ਕੰਗ, ਰਣਧੀਰ ਮਵੀ, ਸ਼ਨਵੀਰ ਬ੍ਰਹਮਪੁਰਾ, ਗੁਰਜੀਤ ਉਪਲੀ, ਹਰਫੂਲ ਬੋਸਰ, ਮੂਸਾ ਖ਼ਾਨ, ਗੁਰਚਰਨ ਸੇਹਰਾ, ਰਵਿੰਦਰ ਵਿੰਦਾ ਅਤੇ ਗੁਰਚਰਨ ਕੌਲੀ ਮੌਜੂਦ ਸਨ।
ਪਾਣੀਆਂ ਦੇ ਮਾਮਲੇ ’ਚ ਪੰਜਾਬ ਸਰਕਾਰ ਨੇ ਕੇਂਦਰ ਅੱਗੇ ਗੋਡੇ ਟੇਕੇ: ਚੰਦੂਮਾਜਰਾ
ਸਾਬਕਾ ਐੱਮ ਪੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਪਾਣੀਆਂ ਦੇ ਮਾਮਲੇ ਵਿੱਚ ਕੇਂਦਰ ਦੀ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਹਨ ਅਤੇ ਹਰਿਆਣਾ ਨਾਲ ਅੰਦਰਖਾਤੇ ਸਮਝੌਤੇ ਦੀ ਤਿਆਰੀ ਚੱਲ ਰਹੀ ਹੈ ਪਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਜਾਣ ਦੇਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਅੰਦਰੋਂ ਪਾਟੋਧਾੜ ਹੋਈ ਪਈ ਹੈ ਅਤੇ ‘ਆਪ’ ਨੂੰ ਕੋਈ ਮੂੰਹ ਨਹੀਂ ਲਗਾ ਰਿਹਾ, ਅਜਿਹੀ ਸਥਿਤੀ ’ਚ ਉਨ੍ਹਾਂ ਦੀ ਪਾਰਟੀ ਹੀ ਸਰਕਾਰ ਬਣਾਵੇਗੀ।

