ਖੇਤਰੀ ਪ੍ਰਤੀਨਿਧ
ਪਟਿਆਲਾ, 7 ਸਤੰਬਰ
‘ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ’ ਵੱਲੋਂ ਪਿੰਡ ਮੰਡੌਰ ਵਿੱਚ ਦਲਿਤ ਪਰਿਵਾਰਾਂ ਲਈ ਰਾਖਵੀਂ ਸ਼ਾਮਲਾਟ ਜ਼ਮੀਨ ਦੀ ਬੋਲੀ ਗਲਤ ਹੋਣ ਦੇ ਦੋਸ਼ ਲਾਉਂਦਿਆਂ ਇਸ ਨੂੰ ਰੱਦ ਕਰਵਾਉਣ ਅਤੇ ਇਰਾਦਾ ਕਤਲ ਦੇ ਕੇਸ ਵਿੱਚ ਜੇਲ੍ਹ ’ਚ ਬੰਦ ਆਪਣੇ ਸਾਥੀਆਂ ਦੀ ਰਿਹਾਈ ਲਈ ਇੱਥੇ ਲਾਇਆ ਪੱਕਾ ਮੋਰਚਾ ਅੱਜ ਚੌੇਥੇ ਦਿਨ ਵੀ ਜਾਰੀ ਰਿਹਾ।
ਕਮੇਟੀ ਦੇ ਜ਼ੋਨਲ ਆਗੂ ਧਰਮਵੀਰ ਹਰੀਗੜ੍ਹ, ਇਕਾਈ ਆਗੂ ਮਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਚਿਰਾਂ ਤੋਂ ਜਾਰੀ ਸੰਘਰਸ਼ ਦੇ ਬਾਵਜੂਦ ਦਲਿਤਾਂ ਲਈ ਰਾਖਵੀਂ ਸ਼ਾਮਲਾਟ ਜ਼ਮੀਨ ਨੂੰ ਚਕੋਤੇ ’ਤੇ ਦੇਣ ਸਬੰਧੀ ਅਜੇ ਵੀ ਕਥਿਤ ਰੂਪ ਵਿੱਚ ਡੰਮੀ ਬੋਲੀਆਂ ਹੁੰਦੀਆਂ ਆ ਰਹੀਆਂ ਹਨ। ਉਨ੍ਹਾਂ ਡੰਮੀ ਬੋਲੀਆਂ ਦੀ ਡੀ.ਸੀ ਮੁਹਾਲੀ ਵੱਲੋਂ ਕੀਤੀ ਗਈ ਜਾਂਚ ਨੂੰ ਜਨਤਕ ਕਰਵਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਦਲਿਤਾਂ ਵਿਰੁੱਧ ਅਜਿਹੀਆਂ ਕਾਰਵਾਈਆਂ ਨਾਲ ‘ਆਪ’ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਵੀ ਬੇਕਨਾਬ ਹੋ ਗਿਆ ਹੈ। ਧਰਨੇ ਵਿੱਚ ਉਪਰੋਕਤ ਤੋਂ ਬਿਨਾਂ ਦੀਪੀ ਕਕਰਾਲਾ,ਜਗਸੀਰ ਸਿੰਘ, ਲਖਵੀਰ ਸਿੰਘ, ਜਸਪ੍ਰੀਤ ਸਿੰਘ, ਪਰਮਜੀਤ ਸਿੰਘ, ਕਰਨੈਲ ਸਿੰਘ, ਅੰਗਰੇਜ਼ ਕੌਰ, ਸੁਰਜੀਤ ਕੌਰ, ਸੰਦੀਪ ਕੌਰ ਆਦਿ ਹਾਜ਼ਰ ਰਹੇ।