ਇਰਾਨ ’ਤੇ ਅਮਰੀਕੀ ਹਮਲੇ ਦਾ ਸੇਕ ਮਾਲੇਰਕੋਟਲਾ ਪੁੱਜਿਆ
ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਵਿਚ ਮਾਰੇ ਗਏ ਇਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਸੈਯਦ ਅਲੀ ਖਮੇਨੇਈ ਦੀ ਸ਼ਹਾਦਤ ਤੋਂ ਬੁਰੀ ਤਰ੍ਹਾਂ ਖਫਾ ਮੁਸਲਮਾਨਾਂ ਨੇ ਅੱਜ ਮਾਲੇਰਕੋਟਲਾ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਸਰਹਿੰਦੀ ਗੇਟ ਬਾਹਰ ਪ੍ਰਦਰਸ਼ਨ ਕੀਤਾ। ਇਮਾਮਬਾੜਾ ਖੋਜਗਾਨ ਤੋਂ ਸ਼ੁਰੂ...
ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਵਿਚ ਮਾਰੇ ਗਏ ਇਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਸੈਯਦ ਅਲੀ ਖਮੇਨੇਈ ਦੀ ਸ਼ਹਾਦਤ ਤੋਂ ਬੁਰੀ ਤਰ੍ਹਾਂ ਖਫਾ ਮੁਸਲਮਾਨਾਂ ਨੇ ਅੱਜ ਮਾਲੇਰਕੋਟਲਾ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਸਰਹਿੰਦੀ ਗੇਟ ਬਾਹਰ ਪ੍ਰਦਰਸ਼ਨ ਕੀਤਾ। ਇਮਾਮਬਾੜਾ ਖੋਜਗਾਨ ਤੋਂ ਸ਼ੁਰੂ ਹੋਏ ਇਸ ਮੁਜ਼ਾਹਰੇ ਵਿੱਚ ਵੱਡੀ ਗਿਣਤੀ ਮੁਸਲਿਮ ਔਰਤਾਂ ਵੀ ਸ਼ਾਮਲ ਸਨ। ਅੰਜੁਮਨ-ਏ-ਹੁਸੈਨੀਆ, ਅੰਜੁਮਨ-ਏ-ਹੈਦਰੀ, ਸੀਆ ਯੰਗਮੈਨ ਐਸੋਸੀਏਸ਼ਨ ਸਣੇ ਸ਼ਹਿਰ ਦੇ ਵੱਖ ਵੱਖ ਇਮਾਮਬਾੜਿਆਂ ਦੀਆਂ ਇੰਤਜ਼ਾਮੀਆਂ ਕਮੇਟੀਆਂ ਵੱਲੋਂ ਕੱਢੇ ਪ੍ਰਦਰਸ਼ਨ ਦੀ ਅਗਵਾਈ ਮੌਲਾਨਾ ਆਜਿਮ ਅਲੀ ਰਿਜ਼ਵੀ, ਮੌਲ਼ਾਨਾ ਸਈਅਦ ਮੁਜਤਬਾ ਹੁਸੈਨ ਜ਼ੈਦੀ, ਮੌਲ਼ਾਨਾ ਰਜ਼ੀ ਹੈਦਰ ਜ਼ੈਦੀ, ਮੌਲਾਨਾ ਕਮਾਲ ਹੁਸੈਨ, ਸ਼ਬੀਰ ਹੁਸੈਨ ,ਜ਼ਮੀਰ ਅਲੀ ਜ਼ਮੀਰ ਆਦਿ ਸੀਆ ਆਗੂ ਕਰ ਰਹੇ ਸਨ। ਹੱਥਾਂ ਵਿਚ ਸ਼ਹੀਦ ਆਇਤੁੱਲਾ ਸੈਯਦ ਅਲੀ ਖਮੇਨੇਈ ਦੀਆਂ ਤਸਵੀਰਾਂ ਵਾਲੇ ਪੋਸਟਰ ਚੁੱਕੀ ਮੁਸਲਮਾਨਾਂ ਨੇ ਇਮਾਮਬਾੜਾ ਖੋਜਗਾਨ ਤੋਂ ਪਿੱਪਲ ਚੌਕ, ਮੋਤੀ ਬਾਜ਼ਾਰ, ਲਾਲ ਬਾਜ਼ਾਰ ਅਤੇ ਤਲਾਬ ਬਾਜ਼ਾਰ ਰਾਹੀਂ ਸਰਹਿੰਦੀ ਗੇਟ ਤੱਕ ਮੁਜ਼ਾਹਰਾ ਕੀਤਾ। ਅਮਰੀਕਨ ਰਾਸਟਰਪਤੀ ਡੋਨਲਡ ਟਰੰਪ ਤੇ ਇਜ਼ਰਾਇਲੀ ਸ਼ਾਸਕ ਨੇਤਨਯਾਹੂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਸਾਰੇ ਮੁਜ਼ਾਹਰਾਕਾਰੀਆਂ ਨੇ ਆਇਤੁੱਲਾ ਸੈਯਦ ਅਲੀ ਖਾਮਨੇਈ ਦੀ ਸ਼ਹਦਾਤ ਦੇ ਸ਼ੋਗ ਵਿੱਚ ਕਾਲੇ ਕੱਪੜੇ ਪਹਿਨੇ ਹੋਏ ਸਨ। ਸਰਹਿੰਦੀ ਗੇਟ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਆਇਤੁੱਲਾ ਸੈਯਦ ਅਲੀ ਖਾਮਨੇਈ ਨੂੰ ਜ਼ੁਲਮ ਤੇ ਨਾਇਨਸਾਫ਼ੀ ਖ਼ਿਲਾਫ਼ ਅਮਰੀਕਾ ਤੇ ਇਜ਼ਰਾਇਲ ਦੀਆਂ ਹਕੂਮਤਾਂ ਅੱਗੇ ਹਿੱਕ ਤਾਣ ਕੇ ਸ਼ਹੀਦ ਹੋਣ ਵਾਲਾ ਜੁਝਾਰੂ ਯੋਧਾ ਦੱਸਿਆ। ਉਨ੍ਹਾਂ ਕਿਹਾ ਕਿ ਆਇਤੁੱਲਾ ਸੈਯਦ ਅਲੀ ਖਮੇਨੇਈ ਨੇ ਜੰਗੇ ਮੈਦਾਨ ਵਿੱਚ ਅੰਤਿਮ ਦਮ ਤਕ ਡਟੇ ਰਹਿਣ ਦਾ ਫੈਸਲਾ ਪਹਿਲਾਂ ਹੀ ਤੈਅ ਕਰ ਲਿਆ ਸੀ ਅਤੇ ਉਹ ਕਾਇਰਾਂ ਵਾਂਗ ਪਿੱਠ ਦਿਖਾਉਣ ਦੀ ਥਾਂ ਆਪਣੇ ਲੋਕਾਂ ਲਈ ਨਿਸ਼ਾਵਰ ਹੋ ਗਏ। ਮੰਚ ਤੋਂ ਸ਼ਹੀਦ ਆਇਤੁਲਾ ਸੈਯਦ ਅਲੀ ਖਾਮਨੇਈ ਦਾ ਵਰਨਣ ਹੁੰਦਿਆਂ ਹੀ ਪ੍ਰਦਰਸ਼ਨਕਾਰੀ ਲਗਾਤਾਰ ਭੁੱਬਾਂ ਮਾਰ ਮਾਰ ਵਿਲਕਦੇ ਵਿਖਾਈ ਦਿੱਤੇ। ਆਗੂਆਂ ਨੇ ਐਲਾਨ ਕੀਤਾ ਕਿ ਮਹੀਨਾ ਰਮਜ਼ਾਨ ਦੇ ਆਖਰੀ ਜ਼ੁੰਮੇ ਨੂੰ ਅਮਰੀਕਾ ਤੇ ਇਜ਼ਰਾਈਲ ਦੇ ਇਰਾਨ ’ਤੇ ਮੁਜਰਮਾਨਾ ਹਮਲਿਆਂ ਖ਼ਿਲਾਫ਼ ਵਿਸ਼ਾਲ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ।

