ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 17 ਅਪਰੈਲ
ਰੁਜ਼ਗਾਰ ਦੀ ਪ੍ਰਾਪਤੀ ਨੂੰ ਲੈ ਕੇ ਇੱਥੇ ਬੀ.ਐੱਸ.ਐੱਨ.ਐੱਲ.ਟਾਵਰ ’ਤੇ ਚੜ੍ਹਕੇ ਰੋਸ ਪ੍ਰਗਟਾਅ ਰਹੇ ਦੋ ਬੇਰੁਜ਼ਗਾਰਾਂ ਵੱਲੋਂ ਅੱਜ 28ਵੇਂ ਦਿਨ ਵੀ ਟਾਵਰ ਸੰਘਰਸ਼ ਨੂੰ ਜਾਰੀ ਰੱਖਿਆ। ਅਹਿਮ ਗੱਲ ਇਹ ਹੈ ਕਿ ਭਾਵੇਂ ਦੋਵੇਂ ਸੰਘਰਸ਼ੀ ਕਾਰਕੁਨਾਂ ਦੀ ਸਿਹਤ ਨਾਸਾਜ਼ ਚੱਲ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਦੋਵੇਂ ਸੰਘਰਸ਼ੀ ਕਾਰਕੁਨ ਸੁਰਿੰਦਰਪਾਲ ਗੁਰਦਾਸਪੁਰ ਤੇ ਹਰਜੀਤ ਮਾਨਸਾ ਟਾਵਰ ‘ਤੇ ਡਟੇ ਰਹੇ।
ਉਧਰ ਟਾਵਰ ਸੰਘਰਸ਼ ਦੀ ਮੇਜ਼ਬਾਨ ਜਥੇਬੰਦੀ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੋਵੇਂ ਸੰਘਰਸ਼ੀ ਕਾਰਕੁਨਾਂ ਦੀ ਵਿਗੜ ਰਹੀ ਸਿਹਤ ਤੋਂ ਅੱਜ ਕਾਫੀ ਫਿਰਰਮੰਦੀ ’ਚ ਰਹੀ। ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਦੀਪ ਬਨਾਰਸੀ ਨੇ ਆਖਿਆ ਕਿ ਭਾਵੇਂ ਦੋਵੇਂ ਟਾਵਰ ਸੰਘਰਸ਼ੀਆਂ ਦੀ ਪਿਛਲੇ ਦਿਨਾਂ ਤੋਂ ਕਾਫੀ ਸਿਹਤ ਖਰਾਬ ਚੱਲ ਰਹੀ ਹੈ ਪਰ ਇਸਦੇ ਬਾਵਯੂਦ ਵੀ ਸਰਕਾਰ ਦੇ ਕੰਨਾਂ ’ਤੇ ਜੂੰਅ ਨਹੀ ਸਰਕ ਰਹੀ। ਹਰਜੀਤ ਤੇ ਸੁਰਿੰਦਰਪਾਲ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ 2364 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਖੋਲ੍ਹੀ ਗਈ ਹੈ ਤੇ ਇਸ ਵਿੱਚ ਬੀ.ਐੱਡ ਉਮੀਦਵਾਰਾਂ ਨੂੰ ਬਰਾਬਰ ਵਿਚਾਰਿਆ ਗਿਆ ਹੈ, ਅਜਿਹੀ ਨੀਤੀ ਨਾਲ ਈ.ਟੀ.ਟੀ. ਉਮੀਦਵਾਰਾਂ ਦੀਆਂ ਹੱਕੀ ਪੋਸਟਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਉਨਾਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਈ.ਟੀ.ਟੀ. ਪੋਸਟਾਂ ਦੇ ਉੱਪਰ ਸਿਰਫ ਈ.ਟੀ.ਟੀ ਦੇ ਯੋਗ ਉਮੀਦਵਾਰਾਂ ਨੂੰ ਹੀ ਰੱਖਿਆ ਜਾਵੇ। ਦੋਵੇਂ ਸੰਘਰਸ਼ੀ ਕਾਰਕੁਨਾਂ ਨੇ 19 ਅਪਰੈਲ ਨੂੰ ਮੁੱਖ ਮੰਤਰੀ ਦੇ ਓਐੱਸਡੀ ਐੱਮ.ਪੀ. ਸਿੰਘ ਨਾਲ ਤੈਅ ਹੋਈ ਮੀਟਿੰਗ ਤੋਂ ਉਮੀਦ ਪ੍ਰਗਟਾਈ ਹੈ।