
ਪਟਿਆਲਾ ਦੇ ਮਿਲਟਰੀ ਫੈਸਟੀਵਲ ਮੌਕੇ ਹਾਜ਼ਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਫੌਜੀ ਅਧਿਕਾਰੀ।
ਗੁਰਨਾਮ ਸਿੰਘ ਅਕੀਦਾ
ਪਟਿਆਲਾ, 28 ਜਨਵਰੀ
ਵਿਰਾਸਤੀ ਮੇਲੇ ਦੀ ਕੜੀ ਤਹਿਤ ਪਟਿਆਲਾ ਦਾ ਪਲੇਠਾ ਦੋ ਦਿਨਾ ਮਿਲਟਰੀ ਲਿਟਰੇਚਰ ਫ਼ੈਸਟੀਵਲ ਫ਼ੌਜੀ ਸ਼ਾਨੋ-ਸ਼ੌਕਤ ਨਾਲ ਇੱਥੇ ਖ਼ਾਲਸਾ ਕਾਲਜ ਵਿੱਚ ਸ਼ੁਰੂ ਹੋਇਆ। ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਫ਼ੌਜੀ ਸਾਹਿਤ ਮੇਲੇ ਦਾ ਉਦਘਾਟਨ ਕਰਦਿਆਂ ਕਿਹਾ, ‘‘ਸਾਡੇ ਜਾਂਬਾਜ਼ ਫ਼ੌਜੀ ਜਵਾਨਾਂ ਦੀ ਵੀਰਤਾ ਦੀਆਂ ਕਹਾਣੀਆਂ ਭਟਕੇ ਹੋਏ ਨੌਜਵਾਨਾਂ ਨੂੰ ਸੁਣਾਉਣੀਆਂ ਜ਼ਰੂਰੀ ਹਨ ਤਾਂ ਜੋ ਪੰਜਾਬ ਨਸ਼ਿਆਂ ਅਤੇ ਗੈਂਗਸਟਰਾਂ ਦੇ ਚੁੰਗਲ ਵਿੱਚੋਂ ਬਾਹਰ ਆ ਸਕੇ। ਡਾ. ਬਲਬੀਰ ਸਿੰਘ ਨੇ ਜਨਰਲ ਮਾਨਿਕ ਸ਼ਾਹ, ਜਨਰਲ ਹਰਬਖ਼ਸ਼ ਸਿੰਘ, ਜਨਰਲ ਜਗਜੀਤ ਸਿੰਘ ਅਰੋੜਾ ਤੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਵਰਗੇ ਕਈ ਫ਼ੌਜੀ ਜਰਨੈਲਾਂ ਦਾ ਜ਼ਿਕਰ ਕਰਦਿਆਂ ਕਿਹਾ, ‘‘ਵੀਰ ਗਾਥਾਵਾਂ ਤੇ ਮਿਲਟਰੀ ਦੇ ਮਾਣਮੱਤੇ ਇਤਿਹਾਸ ਤੋਂ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਾਰਜ ਸ਼ੁਰੂ ਕੀਤਾ ਹੈ।’’ ਇਸ ਤੋਂ ਪਹਿਲਾਂ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫਟੀਨੈਂਟ ਜਨਰਲ ਟੀ.ਐੱਸ. ਸ਼ੇਰਗਿੱਲ ਨੇ ਕਿਹਾ ਕਿ ਅਜਿਹੇ ਮੇਲੇ ਇਸ ਸਾਲ ਅੰਮ੍ਰਿਤਸਰ, ਜਲੰਧਰ, ਬਠਿੰਡਾ ਵਿੱਚ ਵੀ ਕਰਵਾਏ ਜਾਣਗੇ।
ਭਾਰਤੀ ਫ਼ੌਜ ਦੀ ਪਟਿਆਲਾ ਸਥਿਤ ਬਲੈਕ ਐਲੀਫੈਂਟ ਡਿਵੀਜ਼ਨ ਦੇ ਕਮਾਂਡਰ ਮੇਜਰ ਜਨਰਲ ਪੁਨੀਤ ਆਹੂਜਾ ਨੇ ਕਿਹਾ ਕਿ ਫ਼ੌਜੀ ਇਤਿਹਾਸ ਦੇ ਸੰਦਰਭ ਵਿੱਚ ਪਟਿਆਲਾ ਇੱਕ ਖਾਸ ਸਥਾਨ ਰੱਖਦਾ ਹੈ, ਇਸ ਲਈ ਅਜਿਹੇ ਸਮਾਗਮਾਂ ਲਈ ਫ਼ੌਜ ਵੱਲੋਂ ਸਿਵਲ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹੇ ਨਾਲ ਸਬੰਧਤ 10 ਵੀਰ ਨਾਰੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਲੈਫਟੀਨੈਂਟ ਜਨਰਲ (ਸੇਵਾਮੁਕਤ) ਚੇਤਿੰਦਰ ਸਿੰਘ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਟੇਟ ਸਪੋਰਟਸ ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫਟੀਨੈਂਟ ਜਨਰਲ (ਰਿਟਾਇਰਡ) ਡਾ. ਜੇ.ਐੱਸ. ਚੀਮਾ ਤੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਵੀ ਆਪਣੇ ਵਿਚਾਰ ਰੱਖੇ।
ਕਿਸੇ ਵੀ ਮਹਾਂਪੁਰਸ਼ ਦਾ ਨਾਂ ਹੈਲਥ ਸੈਂਟਰਾਂ ਤੋਂ ਨਾ ਹਟਾਉਣ ਦਾ ਦਾਅਵਾ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਬਣਾਉਂਦਿਆਂ ਕਿਸੇ ਵੀ ਮਹਾਂਪੁਰਸ਼ ਦੇ ਨਾਮ ’ਤੇ ਬਣੇ ਹੈਲਥ ਸੈਂਟਰ ਦਾ ਨਾਮ ਨਹੀਂ ਬਦਲਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਕੋਈ ਮੁੱਦਾ ਨਹੀਂ ਮਿਲਦਾ, ਇਸ ਕਰ ਕੇ ਉਹ ਪੰਜਾਬ ਸਰਕਾਰ ਦੀ ਆਲੋਚਨਾ ਕਰਨ ਵਿੱਚ ਸਮਾਂ ਖ਼ਰਾਬ ਕਰਦੇ ਹਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ