ਬੀਰਬਲ ਰਿਸ਼ੀ
ਸ਼ੇਰਪੁਰ, 19 ਸਤੰਬਰ
ਸ਼ੇਰਪੁਰ ਪੁਲੀਸ ਨੇ ਮਾਰਕਫੈੱਡ ਦੇ ਦੋ ਇੰਸਪੈਕਟਰਾਂ, ਚੌਕੀਦਾਰ, ਟਰੱਕ ਡਰਾਈਵਰ ਅਤੇ ਟਰੱਕ ਮਾਲਕ ਵੱਲੋਂ ਹਮਮਸ਼ਵਰਾ ਹੋ ਕੇ ਸ਼ੇਰਪੁਰ ਦੇ ਮਾਰਕਫੈੱਡ ਦੇ ਗੁਦਾਮਾਂ ’ਚੋਂ ਟਰੱਕ ਵਿੱਚ ਕਣਕ ਚੋਰੀ ਕਰ ਕੇ ਧੂਰੀ ਦੇ ਆਟਾ ਚੱਕੀ ਮਾਲਕ ਨੂੰ 280 ਬੋਰੀਆਂ ਕਣਕ ਵੇਚੇ ਜਾਣ ਦੇ ਦੋਸ਼ ਅਧੀਨ ਛੇ ਵਿਅਕਤੀਆਂ ’ਤੇ ਕੇਸ ਦਰਜ ਕਰ ਕੇ ਤਿੰਨ ਜਣਿਆਂ ਨੂੰ ਜੇਲ੍ਹ ਭੇਜ ਦਿੱਤਾ ਹੈ ਜਦਕਿ ਵਿਭਾਗ ਦੇ ਦੋਵੇਂ ਇੰਸਪੈਕਟਰ ਤੇ ਚੌਕੀਦਾਰ ਹਾਲੇ ਪੁਲੀਸ ਦੀ ਗ੍ਰਿਫ਼ਤ ’ਚੋਂ ਬਾਹਰ ਹਨ।
ਐੱਸਐੱਚਓ ਸ਼ੇਰਪੁਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸੂਆ ਪੁਲ ਅਲਾਲ ਰੋਡ ਸ਼ੇਰਪੁਰ ’ਤੇ ਨਾਕਾ ਲਗਾਇਆ ਹੋਇਆ ਸੀ ਜਿੱਥੇ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਮਾਰਕਫੈੱੱਡ ਦੇ ਇੰਸਪੈਕਟਰ ਸਿਮਰਨਜੀਤ ਸਿੰਘ, ਇੰਸਪੈਕਟਰ ਅਰਜਨ ਸਿੰਘ, ਚੌਂਕੀਦਾਰ ਮਨਜੀਤ ਸਿੰਘ, ਟਰੱਕ ਡਰਾਈਵਰ ਬਹਾਦਰ ਸਿੰਘ ਤੇ ਮਾਲਕ ਹਰਪ੍ਰੀਤ ਸਿੰਘ ਆਦਿ ਨੇ ਹਮਮਸ਼ਵਰਾ ਹੋ ਕੇ ਧੂਰੀ ਪਿੰਡ ਦੇ ਚੱਕੀ ਮਾਲਕ ਪਰਵੀਨ ਕੁਮਾਰ ਕੋਲ ਮਾਰਕਫੈੱਡ ਸ਼ੇਰਪੁਰ ਦੇ ਗੁਦਾਮਾਂ ਤੋਂ ਸਰਕਾਰੀ ਕਣਕ ਚੋਰੀ ਕਰ ਕੇ ਧੂਰੀ ਪਿੰਡ ਵਿੱਚ ਚੱਕੀ ’ਤੇ ਵੇਚਣ ਲਈ ਲਿਜਾ ਰਹੇ ਹਨ ਅਤੇ ਇਨ੍ਹਾਂ 280 ਬੋਰੀਆਂ ਦੀ ਕੀਮਤ 2 ਲੱਖ 35 ਹਜ਼ਾਰ ਹੈ। ਪੁਲੀਸ ਕਾਰਵਾਈ ਮਗਰੋਂ ਉਕਤ ਦੋਵੇਂ ਇੰਸਪੈਕਟਰਾਂ, ਚੱਕੀ ਮਾਲਕ, ਚੌਕੀਦਾਰ, ਟਰੱਕ ਡਰਾਈਵਰ ਤੇ ਮਾਲਕ ਵਿਰੁੱਧ ਧਾਰਾ 420, 409, 380, 120 ਬੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਐੱਸਐੱਚਓ ਨੇ ਦੱਸਿਆ ਕਿ ਟਰੱਕ ਡਰਾਈਵਰ, ਮਾਲਕ ਤੇ ਚੱਕੀ ਮਾਲਕ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ।