ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਸਤੰਬਰ
ਡੇਟਿੰਗ ਐਪਲੀਕੇਸ਼ਨ ‘ਟਿੰਡਰ’ ਰਾਹੀਂ ਲੜਕੀ ਦੀ ਜਾਅਲੀ ਆਈਡੀ ਬਣਾ ਕੇ ਨੌਜਵਾਨਾਂ ਨੂੰ ਮਿਲਣ ਦਾ ਝਾਂਸਾ ਦੇ ਕੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਤੇ ਟੀਮ ਵੱਲੋਂ ਕਾਬੂ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਅੱਜ ਇੱਥੇ ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਕ੍ਰਿਸ਼ਨ ਕੁਮਾਰ, ਸੁਰਿੰਦਰ ਸਿੰਘ ਛਿੰਦਾ ਅਤੇ ਜਸਪ੍ਰੀਤ ਸਿੰਘ ਪ੍ਰੀਤਾ ਵਾਸੀਆਨ ਵਾਸੀ ਰਾਮਪੁਰ ਛੰਨਾ ਜ਼ਿਲ੍ਹਾ ਸੰਗਰੂਰ ਦੇ ਨਾਮ ਸ਼ਾਮਲ ਹਨ। ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪ੍ਰੈਸ ਕਾਨਫਰੰਸ ਦੌਰਾਨ ਐੱਸਪੀ ਡੀ ਹਰਬੀਰ ਅਟਵਾਲ ਅਤੇ ਡੀਐਸਪੀ ਡੀ ਸੁਖਅੰਮ੍ਰਿਤ ਰੰਧਾਵਾ ਤੇ ਇੰਸਪੈਕਟਰ ਸ਼ਮਿੰਦਰ ਸਿੰਘ ਵੀ ਮੌਜੂਦ ਸਨ।
ਜਬਰ ਜਨਾਹ ਮਗਰੋਂ ਕਤਲ ਮਾਮਲੇ ਵਿੱਚ ਦੋ ਜਣੇ ਗ੍ਰਿਫ਼ਤਾਰ
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੀ ਪੁਲੀਸ ਨੇ ਦੋ ਦਿਨ ਪਹਿਲਾਂ ਪਰਵਾਸੀ ਲੜਕੀ ਨਾਲ ਜਬਰ ਜਨਾਹ ਕਰ ਕੇ ਕਤਲ ਕਰਨ ਦੇ ਮਾਮਲੇ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਕਪਤਾਨ (ਜਾਂਚ) ਜਗਦੀਸ਼ ਬਿਸ਼ਨੋਈ ਨੇ ਦੱਸਿਆ ਕਿ ਦੱਸਿਆ ਕਿ ਮ੍ਰਿਤਕਾ ਦੀ ਮਾਂ ਮੰਜੂਲਾ ਦੇਵੀ ਵਾਸੀ ਸਪੌਲ ਜ਼ਿਲ੍ਹਾ ਦਰਬੰਗਾ (ਬਿਹਾਰ) ਵੱਲੋਂ ਪੁਲੀਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਸੀ। ਇਸ ਮਗਰੋਂ ਪੁਲੀਸ ਟੀਮ ਨੇ ਭਾਲ ਦੌਰਾਨ ਇਸ ਮਾਮਲੇ ਦੇ ਦੋਵੇਂ ਮੁਲਜ਼ਮਾਂ ਜਮਸ਼ੇਦ ਅਨਸਾਰੀ (19) ਵਾਸੀ ਰਾਮਪੁਰ ਡੇਹਰੂ ਜ਼ਿਲ੍ਹਾ ਮੱਧੇਪੁਰ (ਬਿਹਾਰ) ਅਤੇ ਮੁਹੰਮਦ ਅਲੀ ਉਰਫ ਅਲੀ ਅਨਸਾਰੀ (25) ਵਾਸੀ ਨੇੜੇ ਏਅਰਪੋਰਟ ਫਰਵੀਸ ਗੰਜ ਥਾਣਾ ਫਾਰਵੀਸ ਗੰਜ ਜ਼ਿਲ੍ਹਾ ਅਰਰੀਆ (ਬਿਹਾਰ) ਜੋ ਹੁਣ ਸਥਾਨਕ ਕਿਲ੍ਹਾ ਰਹਿਮਤਗੜ੍ਹ ਵਿੱਚ ਰਹਿੰਦੇ ਸਨ, ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਲੜਕੀ ਊਸ਼ਾ ਦੇਵੀ ਅਤੇ ਦੋਵੇਂ ਮੁਲਜ਼ਮ ਹਿਮਾਚਲ ਪ੍ਰਦੇਸ਼ ਵਿੱਚ ਕਿਸੇ ਫੈਕਟਰੀ ’ਚ ਕੰਮ ਕਰਦੇ ਹੋਣ ਕਾਰਨ ਇੱਕ-ਦੂਜੇ ਨੂੰ ਜਾਣਦੇ ਸਨ।