
ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਜੰਗਲਾਤ ਕਾਮੇ।
ਗੁਰਨਾਮ ਸਿੰਘ ਅਕੀਦਾ
ਪਟਿਆਲਾ, 23 ਮਾਰਚ
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਲਾਇਆ ਮੋਰਚਾ ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸਮਰਪਿਤ ਰਿਹਾ। ਮੋਰਚੇ ’ਚ ਬੈਠੇ ਮੁਲਾਜ਼ਮ ਆਗੂ ਜਸਵਿੰਦਰ ਸਿੰਘ ਸੌਜਾ, ਜਗਤਾਰ ਸਿੰਘ ਸ਼ਾਹਪੁਰ, ਸ਼ੇਰ ਸਿੰਘ ਸਰਹਿੰਦ, ਬੇਅੰਤ ਸਿੰਘ ਰੈਸਲ ਅਤੇ ਜਸਵੰਤ ਸਿੰਘ ਸਿੱਧਵਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਕਰਦਿਆਂ ਕਿਹਾ ਕਿ ਦੇਸ਼ ਦੀ ਅਜ਼ਾਦੀ ਲਈ ਜਾਨਾਂ ਕੁਰਬਾਨ ਕਰ ਗਏ ਸ਼ਹੀਦਾਂ ਨੇ ਸੁਪਨਾ ਦੇਖਿਆ ਸੀ ਕਿ ਬਰਾਬਰਤਾ ਵਾਲੇ ਸਮਾਜ ’ਚ ਸਭ ਲਈ ਵਿਦਿਆ ਤੇ ਸਭ ਲਈ ਰੁਜ਼ਗਾਰ ਹੋਣਾ ਚਾਹੀਦਾ ਹੈ ਪਰ ਦੇਸ ਦੀ ਅਜ਼ਾਦੀ ਮਗਰੋਂ ਉਹ ਸੁਪਨਾ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮਨੁੱਖ ਹੱਥੋ ਮਨੁੱਖ ਦੀ ਲੁੱਟ ਜਾਰੀ ਹੈ। ਆਗੂਆਂ ਨੇ ਕਿਹਾ ਕਿ ਸਭ ਦਾ ਫ਼ਰਜ਼ ਬਣਦਾ ਹੈ ਕਿ ਸ਼ਹੀਦਾਂ ਦੇ ਅਧੂਰੇ ਰਹਿ ਗਏ ਸੁਪਨੇ ਪੂਰੇ ਕਰਨ ਲਈ ਇਹ ਅਹਿਦ ਕਰੀਏ ਕਿ ਵਧੀਆ ਲੋਕ ਪੱਖੀ ਵਾਤਾਵਰਨ ਸਿਰਜਣ ਲਈ ਨਾ ਬਰਾਬਰੀ ਨੂੰ ਖ਼ਤਮ ਕਰਨ ਵਾਸਤੇ ਭਰਵਾਂ ਯੋਗਦਾਨ ਪਾਈਏ।
ਮੋਰਚੇ ਨੂੰ ਸੰਬੋਧਨ ਕਰਦਿਆਂ ਤਰਸੇਮ ਸਿੰਘ, ਹਰਚਰਨ ਸਿੰਘ, ਸਰਬਜੀਤ ਸਿੰਘ ਅਲੀਪੁਰ ਅਤੇ ਗੁਰਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਸਰਕਾਰ ਪਬਲਿਕ ਸੈਕਟਰ ਦੇ ਅਦਾਰੇ ਨਿੱਜੀ ਹੱਥਾਂ ’ਚ ਦੇ ਕੇ ਵਿੱਦਿਆ ਤੇ ਰੁਜ਼ਗਾਰ ਲੋਕਾਂ ਤੋਂ ਖੋਹ ਰਹੀ ਹੈ, ਜਿੱਥੇ ਵੱਡੀ ਗਿਣਤੀ ਲੋਕਾਂ ਦੀ ਪਹੁੰਚ ਤੋਂ ਵਿੱਦਿਆ ਦੂਰ ਜਾ ਰਹੀ ਹੈ, ਉੱਥੇ ਅਰਧ ਰੁਜ਼ਗਾਰ ਦੇ ਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ।
ਅੱਜ ਦੇ ਇਕੱਠ ’ਚ ਜ਼ਿਲ੍ਹਾ ਮੁਕਤਸਰ ਤੋਂ ਬਲਕਰਨ ਸਿੰਘ, ਚਮਕੌਰ ਸਿੰਘ, ਰੇਸ਼ਮ ਸਿੰਘ, ਬਲਵੰਤ ਸਿੰਘ, ਸਵਰਨ ਸਿੰਘ, ਦਰਸ਼ਨ ਸਿੰਘ ਸ਼ਾਮਲ ਹੋਏ ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ