ਮਾਘ ਮਹੀਨੇ ਦਾ ਪਹਿਲਾ ਹਫ਼ਤਾ ਠੰਢ ਨੇ ਜਕੜਿਆ

ਸੂਰਜ ਦੇਵਤਾ ਬਣਿਆ ਈਦ ਦਾ ਚੰਨ; ਕੜਾਕੇ ਦੀ ਠੰਢ ਜਾਰੀ, ਧੁੱਪ ਨੂੰ ਤਰਸੇ ਲੋਕ

ਮਾਘ ਮਹੀਨੇ ਦਾ ਪਹਿਲਾ ਹਫ਼ਤਾ ਠੰਢ ਨੇ ਜਕੜਿਆ

ਸੰਗਰੂਰ ਦੇ ਪਿੰਡ ਬਡਰੁੱਖਾਂ ਦੀ ਸੱਥ ਵਿੱਚ ਠੰਢ ਤੋਂ ਬਚਣ ਲਈ ਅੱਗ ਸੇਕਦੇ ਹੋਏ ਲੋਕ।

ਗੁਰਦੀਪ ਸਿੰਘ ਲਾਲੀ
ਸੰਗਰੂਰ, 17 ਜਨਵਰੀ

ਪੋਹ ਮਹੀਨੇ ਦੇ ਆਖ਼ਰੀ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਲਗਾਤਾਰ ਜਾਰੀ ਹੈ। ਮਾਘ ਮਹੀਨੇ ਦੇ ਸ਼ੁਰੂਆਤੀ ਦਿਨਾਂ ’ਤੇ ਵੀ ਠੰਢ ਨੇ ਆਪਣੀ ਜਕੜ ਬਣਾਈ ਹੋਈ ਹੈ। ਠੰਢ ਤੇ ਸੀਤ ਲਹਿਰ ਨੇ ਲੋਕਾਂ ਨੂੰ ਕੰਬਣੀ ਛੇੜ ਰੱਖੀ ਹੈ। ਠੰਢ ਤੋਂ ਬਚਣ ਲਈ ਲੋਕ ਧੁੱਪ ਨੂੰ ਵੀ ਤਰਸ ਗਏ ਹਨ। ਸੂਰਜ ਦੇਵਤਾ ਵੀ ‘ਈਦ ਦਾ ਚੰਨ’ ਬਣ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਠੰਢ ਤੋਂ ਰਾਹਤ ਨਹੀਂ ਮਿਲ ਰਹੀ। ਠੰਢ ਦੇ ਮੌਸਮ ਨੂੰ ਕਣਕ ਤੇ ਹਾੜ੍ਹੀ ਦੀਆਂ ਫਸਲਾਂ ਲਈ ਲਾਹੇਵੰਦ ਮੰਨਿਆ ਜਾ ਰਿਹਾ ਹੈ। ਪੋਹ ਮਹੀਨੇ ਦੇ ਅਖੀਰਲੇ ਦਿਨਾਂ ਤੋਂ ਮੌਸਮ ਦਾ ਮਿਜ਼ਾਜ ਵਿਗੜਿਆ ਹੋਇਆ ਹੈ। ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਕੜਾਕੇ ਦੀ ਠੰਢ ਜਾਰੀ ਹੈ। ਪਹਿਲਾਂ ਕਈ ਦਿਨ ਰੁਕ-ਰੁਕ ਕੇ ਹੁੰਦੀ ਰਹੀ ਬਾਰਸ਼ ਕਾਰਨ ਮੌਸਮ ’ਚ ਇਕਦਮ ਠੰਢਕ ਆ ਗਈ ਜਿਸ ਮਗਰੋਂ ਤੇਜ਼ ਬਾਰਸ਼ ਕਾਰਨ ਠੰਢ ਨੇ ਹੋਰ ਜ਼ੋਰ ਫੜ ਲਿਆ। ਹੁਣ ਪਿਛਲੇ ਇੱਕ ਹਫ਼ਤੇ ਤੋਂ ਕੜਾਕੇ ਦੀ ਠੰਢ ਪੈ ਰਹੀ ਹੈ। ਸੂਰਜ ਦੇਵਤਾ ਦੇ ਦਰਸ਼ਨ ਵੀ ਲੋਕਾਂ ਨੂੰ ਨਸੀਬ ਨਹੀਂ ਹੋ ਰਹੇ। ਆਸਮਾਨ ’ਚ ਬੱਦਲਵਾਈ ਤੇ ਵਗ਼ ਰਹੀਆਂ ਠੰਢੀਆਂ ਹਵਾਵਾਂ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਠੰਢ ਤੋਂ ਬਚਣ ਲਈ ਲੋਕ ਮਜ਼ਬੂਰੀਵੱਸ ਕੰਮਾਂਕਾਰਾਂ ਲਈ ਘਰੋਂ ਬਾਹਰ ਨਿਕਲਦੇ ਹਨ। ਲੋਕਾਂ ਵੱਲੋਂ ਜਿਥੇ ਗਰਮ ਕੱਪੜਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ ਉਥੇ ਘਰਾਂ ’ਚ ਹੀਟਰ ਬਾਲ ਕੇ ਠੰਢ ਤੋਂ ਬਚਾ ਕੀਤਾ ਜਾ ਰਿਹਾ ਹੈ। ਸ਼ਹਿਰੀ ਤੇ ਪੇਂਡੂ ਖੇਤਰ ’ਚ ਸਾਂਝੀਆਂ ਥਾਵਾਂ ’ਤੇ ਲੋਕ ਲੱਕੜਾਂ ਦੀਆਂ ਧੂਣੀਆਂ ਬਾਲ ਕੇ ਅੱਗ ਸ਼ੇਕ ਰਹੇ ਹਨ। ਠੰਢ ਦੇ ਦਿਨਾਂ ’ਚ ਲੋਕਾਂ ਨੂੰ ਜਿਥੇ ਕੰਮਕਾਰ ਕਰਨ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਪਸ਼ੂਆਂ ਦੀ ਸਾਂਭ ਸੰਭਾਲ ’ਚ ਵੀ ਦਿੱਕਤਾਂ ਆ ਰਹੀਆਂ ਹਨ।

ਪਟਿਆਲਾ (ਸਰਬਜੀਤ ਸਿੰਘ ਭੰਗੂ) ਕਈ ਦਿਨਾ ਤੋਂ ਲਗਾਤਾਰ ਪੈ ਰਹੀ ਕੜਾਕੇ ਦੀ ਠੰਢ ਨੇ ਜਨਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ। ਇਸ ਦੌਰਾਨ ਕੁਝ ਦਿਨਾ ਤੋਂ ਤਾਂ ਸੂਰਜ ਹੀ ਨਹੀਂ ਨਿਕਲਿਆ। ਜਿਸ ਕਾਰਨ ਠੰਢ ਦੇ ਇਸ ਮੌਸਮ ਨੇ ਜਨਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ ਕਿਉਂਕਿ ਇਸ ਦੌਰਾਨ ਬਹੁਤੇ ਕੰਮਾਂ ਦਾ ਹਾਲ ਠੱਪ ਵਰਗਾ ਹੀ ਹੈ। ਭਾਵੇਂ ਬਹੁਤ ਜਰੂਰੀ ਕੰਮਾਂ ਵਾਲ਼ਿਆਂ ਨੂੰ ਤਾਂ ਜਾਣਾ ਹੀ ਪੈ ਰਿਹਾ ਹੈ, ਪਰ ਬਹੁਤਾ ਕਰਕੇ ਲੋਕਾਂ ਨੂੰ ਘਰਾਂ ’ਚ ਹੀ ਵੜ ਕੇ ਰਹਿਣਾ ਪੈ ਰਿਹਾ ਹੈ। ਇਸ ਦੌਰਾਨ ਬਾਜ਼ਾਰ ਵੀ ਬੇਰੌਣਕੇ ਹੋਏ ਪਏ ਹਨ। ਠੰਢ ਦੇ ਇਸ ਮੌਸਮ ’ਚ ਘਰਾਂ ’ਚੋਂ ਨਿਕਲਣ ਲਈ ਮਜਬੂਰ ਦੁਕਾਨਦਾਰਾਂ ਸਮੇਤ ਹੋਰ ਵਰਗਾਂ ਦੇ ਲੋਕ ਹੀਟਰ, ਅੰਗੀਠੀ ਜਾਂ ਇਕੱਠੇ ਬੈਠ ਕੇ ਧੂਣੀਆਂ ਸੇਕਦੇ ਨਜ਼ਰ ਆਉਂਦੇ ਹਨ। ਇਥੇ ਝਿੱਲ ਤੋਂ ਮੋਟਰਾਂ ਦੀ ਰਿਪੇਅਰ ਕਰਨ ਦੀ ਦੁਕਾਨ ਕਰਦੇ ਲਾਭ ਖਾਨ ਬਾਰਨ ਤੇ ਤ੍ਰਿਪੜੀ ਖੇਤਰ ਦੇ ਦੁਕਾਨਦਾਰ ਸੁਧੀਰ ਪਾਹੂਜਾ ਸਮੇਤ ਕਈ ਹੋਰਨਾ ਦਾ ਕਹਿਣਾ ਸੀ ਕਿ ਠੰਢ ਨੇ ਉਨ੍ਹਾਂ ਦਾ ਕੰਮਕਾਜ ਪ੍ਰਭਾਵਿਤ ਕੀਤਾ ਹੋਇਆ ਹੈ। ਮੌਸਮ ਵਿਭਾਗ ਅਨੁਸਾਰ 10 ਦਿਨਾਂ ਤੋਂ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੋਈ ਹੈ। ਉਧਰ, ਸਿਹਤ ਵਿਭਾਗ ਨੇ ਇਹ ਠੰਢ ਬੱਚਿਆਂ ਤੇ ਬਜ਼ੁਰਗਾਂ ਲਈ ਵੱਧ ਨੁਕਸਾਨਦਾਇਕ ਕਰਾਰ ਦਿੱਤੀ ਹੈ। ਸਿਵਲ ਸਰਜਨ ਡਾ. ਪ੍ਰਿ੍ੰਸ ਸੋਢੀ ਦਾ ਕਹਿਣਾ ਸੀ ਕਿ ਕੜਾਕੇ ਦੀ ਇਸ ਸਰਦੀ ’ਚ ਬਿਮਾਰੀਆਂ ਤੋਂ ਬਚਾਅ ਲਈ ਲੋਕ ਸੁਚੇਤ ਰਹਿਣ। ਉਨ੍ਹਾਂ ਦਾ ਕਹਿਣਾ ਸੀ ਕਿ ਸਰਦੀ ਦੇ ਇਸ ਮੌਸਮ ’ਚ ਬਜ਼ੁਰਗ ਤੇ ਛੋਟੇ ਬੱਚੇ ਜ਼ਿਆਦਾ ਪ੍ਰਭਾਵਤ ਹੁੰਦੇ ਹਨ।

ਡਕਾਲਾ (ਪੱਤਰ ਪ੍ਰੇਰਕ) ਭਾਵੇਂ ਜ਼ੋਰਾਂ ਦੀ ਠੰਢ ਤੇ ਸੀਤ ਲਹਿਰ ਨਾਲ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਪਰ ਕਣਕ ਉਤਪਾਦਕ ਕਿਸਾਨਾਂ ’ਚ ਇਸ ਠੰਢੇ ਬਣੇ ਮੌਸਮ ਤੋਂ ਸੰਤੁਸ਼ਟੀ ਹੈ। ਇਲਾਕੇ ਦੇ ਵੱਖ-ਵੱਖ ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਫਸਲ ਨੂੰ ਇਨ੍ਹੀਂ ਦਿਨੀਂ ਜਿੰਨੀ ਜ਼ਿਆਦਾ ਠੰਢ ਮਿਲੇ ਉਨੀਂ ਹੀ ਲਾਹੇਵੰਦ ਸਾਬਿਤ ਹੋਵੇਗੀ। ਕਿਸਾਨ ਆਗੂ ਕਰਨੈਲ ਸਿੰਘ ਤੇ ਗੋਲਡੀ ਧਨੌਰੀ ਮੁਤਾਬਕ ਕਣਕ ਦੇ ਪੌਦੇ ਵਾਧੇ ਵਜੋਂ ਨਾਲੀ ਫੜ ਰਹੇ ਹਨ ਤੇ ਅਜਿਹੇ ਦੌਰਾਨ ਜ਼ੋਰਦਾਰ ਠੰਢਾ ਮੌਸਮ ਰਹੇ ਤਾਂ ਫ਼ਸਲ ਦਾ ਝਾੜ ਵੱਧਦਾ ਹੈ ਕਿਉਂਕਿ ਨਾਲੀ ਫੜਨ ਦੌਰਾਨ ਪੌਦਿਆਂ ਦੇ ਬਿਹਤਰ ਵਿਕਾਸ ਲਈ ਠੰਢ ਕਣਕ ਨੂੰ ਘਿਓ ਵਾਂਗ ਲੱਗਦੀ ਹੈ।

ਠੰਢ ਕਾਰਨ ਲੋਕ ਘਰਾਂ ’ਚ ਦੁਬਕੇ

ਧੂਰੀ (ਨਿੱਜੀ ਪੱਤਰ ਪ੍ਰੇਰਕ) ਧੂਰੀ ਇਲਾਕੇ ’ਚ ਸੀਤ ਲਹਿਰ ਦਾ ਕਹਿਰ ਲਗਾਤਾਰ ਜਾਰੀ ਹੈ। ਪਹਾੜੀ ਇਲਾਕੇ ’ਚ ਹੋਈ ਬਰਫਬਾਰੀ ਨੇ ਠੰਢ ’ਚ ਵਾਧਾ ਕਰ ਦਿੱਤਾ ਹੈ, ਜਿਸ ਕਾਰਨ ਅੱਜ ਵੀ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ। ਠੰਢ ਕਾਰਨ ਲੋਕਾਂ ਨੂੰ ਬੁਖਾਰ, ਜ਼ੁਕਾਮ ਤੇ ਖਾਂਸੀ ਦੀ ਸ਼ਿਕਾਇਤ ਦੇ ਚੱਲਦਿਆਂ ਡਾਕਟਰਾਂ ਦੇ ਮੈਡੀਕਲ ਸਟੋਰਾਂ ’ਤੇ ਬੀਮਾਰ ਮਰੀਜ਼ਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਠੰਢ ਕਾਰਨ ਲੋਕ ਘਰਾਂ ’ਚ ਦੁਬਕ ਕੇ ਰਹਿ ਗਏ ਹਨ ਅਤੇ ਹੀਟਰਾਂ ’ਤੇ ਅੱਗ ਦਾ ਸਹਾਰਾ ਲੈ ਕੇ ਠੰਢ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਠੰਢ ਕਾਰਨ ਸਬਜ਼ੀ ਕਾਸ਼ਤਕਾਰ ਵੀ ਪ੍ਰੇਸ਼ਾਨੀ ਵਿੱਚ ਹਨ, ਕਿਉਂਕਿ ਠੰਢ ਤੇ ਕੋਹਰੇ ਕਾਰਨ ਸਬਜ਼ੀਆਂ ਖਰਾਬ ਹੋ ਰਹੀਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All